1. ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ।
2. ਬਹੁਤ ਸਾਰੇ ਲੋਕ ਉਸਦਾ ਉਪਦੇਸ਼ ਸੁਨਣ ਲਈ ਇਕਠੇ ਹੋਏ। ਇਸ ਲਈ ਜਿਥੇ ਉਹ ਸੀ ਓਥੇ ਘਰ ਦੇ ਬੂਹੇ ਤੇ ਖਢ਼ਨ ਦੀ ਜਗ੍ਹਾ ਵੀ ਨਹੀਂ ਸੀ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦਿੱਤੇ।
3. ਇੱਕ ਅਧਰੰਗੀ ਮਰੀਜ ਨੂੰ ਕੁਝ ਲੋਕ ਚੁੱਕ ਕਏ ਯਿਸੂ ਕੋਲ ਲੈ ਆਏ।
4. ਪਰ ਉਹ ਯਿਸੂ ਤੱਕ ਉਸਦੇ ਘਰ ਅੰਦਰ ਨਾ ਪਹੁੰਚ ਸਕੇ ਕਿਉਂਕਿ ਘਰ ਭੀਡ਼ ਨਾਲ ਖਚਾ-ਖਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚਲੇ ਗਏ ਅਤੇ ਜਿਥੇ ਯਿਸੂ ਖਲੋਟਾ ਸੀ ਛਟ੍ਟ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ।
5. ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”
6. ਕੁਝ ਨੇਮ ਦੇ ਉਪਦੇਸ਼ਕ ਉਥੇ ਬੈਠੇ ਸਨ। ਉਹ ਯਿਸੂ ਨੂੰ ਇਹ ਸਭ ਕਰਦੇ ਵੇਖ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ,
7. “ਇਹ ਮਨੁੱਖ ਇਉਂ ਕਿਵੇ ਬੋਲਦਾ ਹੈ? ਇਹ ਪ੍ਰਭੂ ਦੇ ਖਿਲਾਫ਼ ਬੋਲ ਰਿਹਾ ਹੈ। ਇੱਕ ਪ੍ਰਭੂ ਤੋਂ ਬਿਨਾ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸਕਦਾ।”
8. ਯਿਸੂ ਜਾਣਦਾ ਸੀ ਕਿ ਇਹ ਨੇਮ ਦੇ ਉਪਦੇਸ਼ਕ ਉਸ ਬਾਰੇ ਇਉਂ ਸੋਚ ਰਹੇ ਹਨ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਲਈ ਆਪਣੇ ਮਨਾਂ ਵਿੱਚ ਇੰਝ ਦੇ ਵਿਚਾਰ ਪਏ ਕਰਦੇ ਹੋ?
9. ਕੀ ਸੁਖਾਲਾ ਹੈ? ਇਸ ਅਧਰੰਗੀ ਮਨੁੱਖ ਨੂੰ ਇਹ ਆਖਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ।’ ਜਾਂ ਇਹ ਆਖਣਾ, ‘ਖਡ਼ਾ ਹੋ, ਆਪਣਾ ਬਿਸਤਰਾ ਲੈ ਤੇ ਜਾ?’
10. ਪਰ ਮੈਂ ਤੁਹਾਨੂੰ ਇਹ ਸਾਬਤ ਕਰਾਂਗਾ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਲੋਕਾਂ ਦੇ ਪਾਪ ਮਾਫ਼ ਕਰਨ ਦੀ ਸ਼ਕਤੀ ਹੈ।” ਤਾਂ ਉਸਨੇ ਅਧਰੰਗੀ ਨੂੰ ਆਖਿਆ,
11. “ਮੈਂ ਤੁਹਾਨੂੰ ਆਖਦਾ ਹਾਂ, ਉਠ ਖਡ਼ਾ ਹੋ, ਅਤੇ ਆਪਣਾ ਬਿਸਤਰਾ ਚੁੱਕ ਕੇ ਘਰ ਚਲਿਆ ਜਾ।”
12. ਉਹ ਅਧਰੰਗੀ ਉਠਿਆ, ਉਸਨੇ ਆਪਣੀ ਮੰਜੀ ਚੁੱਕੀ ਅਤੇ ਕਮਰੇ ਵਿੱਚੋਂ ਦੀ ਬਾਹਰ ਹੋ ਗਿਆ। ਸਭਨਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਹੈਰਾਨ ਹੋਏ, ਉਨ੍ਹਾਂ ਨੇ ਪ੍ਰਭੂ ਦੀ ਉਸਤਤਿ ਕੀਤੀ ਅਤੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਹੈਰਾਨੀ ਜਨਕ ਗੱਲ ਪਹਿਲਾਂ ਕਦੇ ਵੀ ਨਹੀਂ ਵੇਖੀ।”
13. ਯਿਸੂ ਫ਼ੇਰ ਝੀਲ ਦੇ ਕੰਢੇ ਗਿਆ ਅਤੇ ਕਾਫ਼ੀ ਲੋਕ ਉਸਦੇ ਪਿਛੇ ਆਏ ਤਾਂ ਉਸਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।
14. ਜਦੋਂ ਯਿਸੂ ਝੀਲ ਕੰਢੇ ਤੁਰ ਰਿਹਾ ਸੀ ਤਾਂ ਜਾਂਦੇ ਹੋਏ ਉਸਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸਨੂੰ ਕਿਹਾ, “ਮੇਰੇ ਪਿਛੇ ਹੋ ਤੁਰ।” ਤਾਂ ਲੇਵੀ ਉਠਿਆ ਅਤੇ ਉਸਦੇ ਪਿਛੇ ਹੋ ਤੁਰਿਆ।
15. ਬਾਦ ਵਿੱਚ ਉਸ ਦਿਨ ਯਿਸੂ ਲੇਵੀ ਦੇ ਘਰ ਰੋਟੀ ਖਾਣ ਬੈਠਾ ਤਾਂ ਉਥੇ ਹੋਰ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਵੀ ਯਿਸੂ ਅਤੇ ਉਸਦੇ ਚੇਲਿਆਂ ਦੇ ਨਾਲ ਬੈਠੇ ਰੋਟੀ ਖਾ ਰਹੇ ਸਨ। ਭੀਡ਼ ਵਿੱਚ ਬਹੁਤ ਲੋਕ ਸਨ ਜਿਨ੍ਹਾਂ ਨੇ ਯਿਸੂ ਦਾ ਪਿਛਾ ਕੀਤਾ ਸੀ।
16. ਨੇਮ ਦੇ ਕੁਝ ਉਪਦੇਸ਼ਕਾਂ ਨੇ, ਜਿਹਡ਼ੇ ਕਿ ਫ਼ਰੀਸੀ ਸਨ, ਯਿਸੂ ਨੂੰ ਮਸਊਲੀਆਂ ਅਤੇ ਪਾਪੀਆਂ ਨਾਲ ਭੋਜਨ ਕਰਦੇ ਵੇਖਿਆ ਤਾਂ ਉਨ੍ਹਾਂ ਉਸਦੇ ਚੇਲਿਆਂ ਨੂੰ ਪੁੱਛਿਆ, “ਯਿਸੂ ਮਸੂਲੀਆਂ ਅਤੇ ਪਾਪੀਆਂ ਨਾਲ ਰਲਕੇ ਰੋਟੀ ਕਿਉਂ ਖਾ ਰਿਹਾ ਹੈ?”
17. ਯਿਸੂ ਨੇ ਇਹ ਗੱਲ ਸੁਣ ਲਈ ਅਤੇ ਉਨ੍ਹਾਂ ਨੂੰ ਆਖਿਆ, “ਤੰਦਰੁਸਤ ਲੋਕਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਉਹ ਰੋਗੀ ਹਨ ਜਿਨ੍ਹਾਂ ਨੂੰ ਵੈਦ ਦੀ ਲੋਡ਼ ਹੈ। ਮੈਂ ਧਰਮੀਆਂ ਨੂੰ ਸੱਦਾ ਦੇਣ ਨਹੀਂ ਆਇਆ ਸਗੋਂ ਮੈ ਪਾਪੀਆਂ ਨੂੰ ਹੀ ਸੱਦਾ ਦੇਣ ਲਈ ਆਇਆ ਹਾਂ।”
18. ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰਖਦੇ ਸਨ। ਕੁਝ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਇਸਦਾ ਕੀ ਕਾਰਣ ਹੈ ਕਿ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰਖ ਸਕਦੇ ਹਨ? ਪਰ ਤੁਹਾਡੇ ਚੇਲੇ ਵਰਤ ਨਹੀਂ ਰਖਦੇ?”
19. ਯਿਸੂ ਨੇ ਆਖਿਆ, “ਜਦੋਂ ਲਾਡ਼ਾ ਆਪਣੇ ਜਨੇਤੀਆ ਨਾਲ ਹੁੰਦਾ ਹੈ ਤਾਂ ਕੀ ਭਲਾ ਉਹ ਉਦਾਸ ਹੋ ਸਕਦੇ ਹਨ ਜਾਂ ਉਹ ਵਰਤ ਰਖ ਸਕਦੇ ਹਨ? ਜਿੰਨਾ ਚਿਰ ਲਾਡ਼ਾ ਉਸਦੇ ਮਿੱਤਰਾਂ ਨਾਲ ਹੈ, ਉਹ ਵਰਤ ਨਹੀਂ ਰਖ ਸਕਦੇ।
20. ਪਰ ਇੱਕ ਸਮਾਂ ਆਵੇਗਾ ਜਦੋਂ ਲਾਡ਼ਾ ਉਨ੍ਹਾਂ ਵਿੱਚੋਂ ਖੋਹ ਲਿਆ ਜਾਵੇਗਾ। ਉਸ ਸਮੇਂ, ਉਹ ਵਰਤ ਰੱਖਣਗੇ।
21. “ਕੋਈ ਵੀ ਮਨੁੱਖ ਅਨਸੁੰਗਡ਼ੇ ਕੱਪਡ਼ੇ ਦੀ ਟਾਕੀ ਪੁਰਾਣੇ ਕੱਪਡ਼ੇ ਉੱਤੇ ਨਹੀਂ ਲਾਉਂਦਾ। ਪਰ ਜੇਕਰ ਫ਼ੇਰ ਵੀ ਉਹ ਅਜਿਹਾ ਕਰਦਾ ਹੈ ਤਾਂ ਕੱਪਡ਼ੇ ਦੀ ਨਵੀਂ ਟਾਕੀ ਸੁੰਗਡ਼ ਜਾਵੇਗੀ ਅਤੇ ਪੁਰਾਣੇ ਕੱਪਡ਼ੇ ਤੋਂ ਪਾਟ ਜਾਵੇਗੀ ਅਤੇ ਮੋਰੀ ਨੂੰ ਹੋਰ ਵੀ ਵਡਿਆਂ ਕ੍ਕਰ ਦੇਵੇਗੀ।
22. ਇੰਝ ਹੀ, ਲੋਕ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰਖਦੇ। ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾਡ਼ ਦੇਵੇਗੀ ਅਤੇ ਦੋਵੇਂ ਹੀ, ਨਵੀਂ ਮੈਅ ਅਤੇ ਮਸ਼ਕਾਂ, ਨਸ਼ਟ ਹੋ ਜਾਣਗੀਆਂ। ਇਸੇ ਲਈ ਲੋਕ ਨਵਾਂ ਦਾਖਰਸ ਨਵੀਂਆਂ ਮਸ਼ਕਾਂ ਵਿੱਚ ਰਖਦੇ ਹਨ।”
23. ਸਬਤ ਦੇ ਦਿਨ, ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸਦੇ ਚੇਲੇ ਉਸਦੇ ਨਾਲ ਸਨ। ਖੇਤਾਂ ਵਿੱਚੋਂ ਲੰਘਦਿਆਂ, ਚੇਲਿਆਂ ਨੇ ਕੁਝ ਅਨਾਜ ਦੇ ਦਾਣੇ ਚੁੱਕੇ ਤੇ ਖਾ ਲਏ।
24. ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”
25. ਉਸਨੇ ਜਵਾਬ ਦਿੱਤਾ, “ਭਲਾ ਤੁਸੀਂ ਇਹ ਨਹੀਂ ਪਢ਼ਿਆ ਕਿ ਦਾਊਦ ਨੇ ਉਦੋਂ ਕੀ ਕੀਤਾ ਜਦੋਂ ਉਹ ਅਤੇ ਉਸਦੇ ਚੇਲੇ ਭੁਖੇ ਸਨ ਅਤੇ ਉਨ੍ਹਾਂ ਨੂੰ ਭੋਜਨ ਦੀ ਲੋਡ਼ ਸੀ।
26. ਇਹ ਉਸ ਵਕਤ ਦੀ ਗੱਲ ਹੈ ਜਦੋਂ ਅਬਯਾਥਾਰ ਸਰਦਾਰ ਜਾਜਕ ਸੀ। ਉਦੋਂ ਦਾਊਦ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਉਸਨੇ ਪਰਮੇਸ਼ੁਰ ਦੇ ਚਢ਼ਾਵੇ ਵਾਲੀਆਂ ਰੋਟੀਆਂ ਖਾ ਲਾਈਆਂ। ਜਦ ਕਿ ਮੂਸਾ ਦਾ ਨੇਮ, ਆਖਦਾ ਹੈ ਕਿ ਕੇਵਲ ਜਾਜਕ ਹੀ ਉਹ ਰੋਟੀ ਖਾ ਸਕਦਾ ਹੈ। ਪਰ ਦਾਊਦ ਨੇ ਖੁਦ ਉਹ ਰੋਟੀ ਖਾਧੀ ਅਤੇ ਉਨ੍ਹਾਂ ਨੂੰ ਵੀ ਦਿੱਤੀ ਜੋ ਉਸਦੇ ਨਾਲ ਸਨ।”
27. ਫ਼ੇਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੀ ਖਾਤਰ ਬਨਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੀ ਖਾਤਰ।
28. ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।”