1. ਤੀਤੁਸ, ਜਿਥੋਂ ਤੱਕ ਤੇਰਾ ਸਵਾਲ ਹੈ, ਤੈਨੂੰ ਲੋਕਾਂ ਨੂੰ ਉਹ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ ਜਿਹਡ਼ੀਆਂ ਉਨ੍ਹਾਂ ਲਈ ਸੱਚੇ ਉਪਦੇਸ਼ਾਂ ਦਾ ਅਨੁਸਰਣ ਕਰਨ ਲਈ ਜ਼ਰੂਰੀ ਹਨ।
2. ਵਡੇਰੀ ਉਮਰ ਦੇ ਆਦਮੀਆਂ ਨੂੰ ਸਵੈਂ ਕਾਬੂ ਰੱਖਣਾ, ਗੰਭੀਰ ਰਹਿਣਾ, ਅਤੇ ਸਿਆਣਾ ਹੋਣਾ ਸਿਖਾਓ। ਉਨ੍ਹਾਂ ਨੂੰ ਸੱਚੇ ਵਿਸ਼ਵਾਸ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ, ਪ੍ਰੇਮ ਅਤੇ ਧੀਰਜ ਹੋਣਾ ਚਾਹੀਦਾ ਹੈ।
3. ਵਡੇਰੀ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਜੀਵਨ ਢੰਗ ਵਿੱਚ ਪਵਿੱਤਰ ਹੋਣ ਦੇ ਉਪਦੇਸ਼ ਦਿਓ। ਉਨ੍ਹਾਂ ਨੂੰ ਦੂਸਰਿਆਂ ਬਾਰੇ ਮਾਡ਼ਾ ਨਾ ਬੋਲਣ ਜਾਂ ਬਹੁਤੀ ਮੈ ਨਾ ਪੀਣ ਦੇ ਉਪਦੇਸ਼ ਦਿਉ। ਉਨ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਚੰਗਿਆਈ ਦੇ ਉਪਦੇਸ਼ ਦੇਣ।
4. ਇਸ ਢੰਗ ਨਾਲ, ਉਹ ਜਵਾਨ ਔਰਤਾਂ ਨੂੰ ਆਪਣੇ ਪਤੀਆਂ ਅਤੇ ਬਚਿਆਂ ਨੂੰ ਪਿਆਰ ਕਰਨਾ ਸਿਖਾ ਸਕਦੇ ਹਨ।
5. ਉਹ ਜਵਾਨ ਔਰਤਾਂ ਨੂੰ ਸਿਆਣੀਆਂ ਅਤੇ ਸ਼ੁਧ ਗੱਲਾਂ, ਆਪਣੇ ਘਰਾਂ ਦੀ ਦੇਖ ਭਾਲ ਕਰਨੀ, ਅਤੇ ਆਪਣੇ ਪਤੀਆਂ ਨੂੰ ਆਗਿਆਕਾਰੀ ਹੋਣਾ ਸਿਖਾ ਸਕਦੀਆਂ ਹਨ। ਫ਼ੇਰ ਕੋਈ ਵਿਅਕਤੀ ਵੀ ਉਸ ਉਪਦੇਸ਼ ਦੀ ਆਲੋਚਨਾ ਨਹੀਂ ਕਰ ਸਕੇਗਾ ਜਿਹਡ਼ਾ ਸਾਨੂੰ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਹੈ।
6. ਉਸੇ ਤਰ੍ਹਾਂ ਜਵਾਨ ਆਦਮੀਆਂ ਨੂੰ ਵੀ ਸਿਆਣੇ ਉਪਦੇਸ਼ ਦੇਣੇ ਚਾਹੀਦੇ ਹਨ।
7. ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਨੌਜਵਾਨ ਲਈ ਹਰ ਤਰ੍ਹਾਂ ਨਾਲ ਇੱਕ ਮਿਸਾਲ ਬਣੋ ਜਦੋਂ ਤੁਸੀਂ ਉਪਦੇਸ਼ ਦੇਵੋ ਤਾਂ ਇਮਾਨਦਾਰ ਅਤੇ ਗੰਭੀਰ ਹੋਵੋ।
8. ਅਤੇ ਜਦੋਂ ਤੁਸੀਂ ਬੋਲੋ, ਤਾਂ ਸੱਚ ਦੱਸੋ ਤਾਂ ਜੋ ਤੁਹਾਡੀ ਆਲੋਚਨਾ ਨਾ ਹੋ ਸਕੇ। ਤਾਂ ਕੋਈ ਵੀ ਵਿਅਕਤੀ ਜਿਹਡ਼ਾ ਤੁਹਾਡੇ ਵਿਰੁੱਧ ਹੈ, ਸ਼ਰਮਸਾਰ ਹੋ ਜਾਵੇਗਾ ਕਿਉਂਕਿ ਉਸਦੇ ਕੋਲ ਸਾਡੇ ਵਿਰੁੱਧ ਬੋਲ ਸਕਣ ਲਈ ਕੁਝ ਨਹੀਂ ਹੋਵੇਗਾ।
9. ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਦੱਸੋ ਜਿਹਡ਼ੇ ਗੁਲਾਮ ਹਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਮਾਲਕਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ।
10. ਉਨ੍ਹਾਂ ਨੂੰ ਆਪਣੇ ਮਾਲਕਾਂ ਦੀ ਕੋਈ ਚੀਜ਼ ਚੋਰੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ। ਗੁਲਾਮਾਂ ਨੂੰ ਇਹ ਗੱਲਾਂ ਆਪਣੇ ਸਭ ਕੰਮਾ ਵਿੱਚ ਕਰਨੀਆਂ ਚਾਹੀਦੀਆਂ ਹਨ ਤਾਂ, ਉਹ ਸਾਬਤ ਕਰ ਸਕਦੇ ਹਨ ਕਿ ਪਰਮੇਸ਼ੁਰ, ਸਾਡੇ ਮੁਕਤੀਦਾਤਾ, ਦੇ ਉਪਦੇਸ਼ ਚੰਗੇ ਹਨ।
11. ਉਨ੍ਹਾਂ ਨੂੰ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੀ ਕਿਰਪਾ ਵਿਖਾਈ ਜਾ ਚੁੱਕੀ ਹੈ। ਇਹ ਕਿਰਪਾ ਹਰ ਵਿਅਕਤੀ ਨੂੰ ਬਚਾ ਸਕਦੀ ਹੈ। ਅਤੇ ਇਹ ਕਿਰਪਾ ਸਾਡੇ ਉੱਪਰ ਹੋਈ ਹੈ।
12. ਇਹ ਕਿਰਪਾ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਅਜਿਹਾ ਜੀਵਨ ਨਾ ਵਤੀਤ ਕਰੀਏ ਜਿਹਡ਼ਾ ਪਰਮੇਸ਼ੁਰ ਦੇ ਵਿਰੁੱਧ ਹੋਵੇ, ਅਤੇ ਉਹ ਮੰਦੀਆਂ ਗੱਲਾਂ ਨਾ ਕਰੀਏ ਜੋ ਦੁਨੀਆਂ ਕਰਨਾ ਚਾਹੁੰਦੀ ਹੈ। ਇਹ ਕਿਰਪਾ ਸਾਨੂੰ ਹੁਣ ਇਸ ਧਰਤੀ ਉੱਪਰ ਸਿਆਣਪ ਅਤੇ ਸਹੀ ਢੰਗ ਨਲ ਜਿਉਣਾ ਸਿਖਾਉਂਦੀ ਹੈ। ਜਿਹਡ਼ਾ ਇਹ ਦਰਸ਼ਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ।
13. ਉਦੋਂ ਜਦੋਂ ਕਿ ਅਸੀਂ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਆਮਦ ਦਾ ਇੰਤਜ਼ਾਰ ਕਰ ਰਹੇ ਸਾਂ, ਸਾਨੂੰ ਇਸੇ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ। ਉਹ ਸਾਡੀ ਮਹਾਨ ਆਸ ਹੈ ਅਤੇ ਉਹ ਮਹਿਮਾ ਨਾਲ ਆਵੇਗਾ।
14. ਉਸਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ, ਤਾਂ ਕਿ ਉਹ ਸਾਨੂੰ ਹਰ ਬੁਰੀ ਸ਼ੈਅ ਤੋਂ ਬਚਾ ਸਕੇ ਅਤੇ ਸਨੂੰ ਪਵਿੱਤਰ ਬੰਦੇ ਬਣਾ ਸਕੇ ਜਿਹਡ਼ੇ ਸਿਰਫ਼ ਉਸੇ ਦੇ ਹਨ, ਅਤੇ ਜਿਹਡ਼ੇ ਹਰ ਵੇਲੇ ਚੰਗੇ ਕੰਮ ਕਰਨਾ ਚਾਹੁੰਦੇ ਹਨ।
15. ਲੋਕਾਂ ਨੂੰ ਇਹ ਗੱਲਾਂ ਦੱਸੋ। ਤੁਹਾਡੇ ਕੋਲ ਪੂਰਾ ਅਧਿਕਾਰ ਹੈ। ਇਸ ਲਈ ਇਸ ਅਧਿਕਾਰ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਜੇਕਰ ਉਹ ਗਲਤ ਹਨ ਉਨ੍ਹਾਂ ਨੂੰ ਸਹੀ ਕਰਨ ਲਈ ਵਰਤੋ। ਅਤੇ ਕਿਸੇ ਵਿਅਕਤੀ ਨੂੰ ਵੀ ਆਪਣੇ ਨਾਲ ਅਜਿਹਾ ਵਿਹਾਰ ਨਾ ਕਰਨ ਦਿਉ ਕਿ ਜਿਵੇਂ ਤੁਹਾਡਾ ਕੋਈ ਮਹੱਤਵ ਹੀ ਨਹੀਂ।