1. ਹੇ ਇਸਰਾਏਲ, ਸੁਣੋ, ਤੁਸਾਂ ਅੱਜ ਯਰਦਨ ਤੋਂ ਪਾਰ ਲੰਘਣਾ ਹੈ ਤਾਂ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਕਬਜ਼ਾ ਕਰੋ ਜਿਹੜੀਆਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੀਕ ਹਨ
2. ਉਹ ਉੱਮਤ ਵੱਡੀ ਅਤੇ ਉਚੇਰੀ ਹੈ, ਅਨਾਕੀ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿੰਨ੍ਹਾਂ ਵਿਖੇ ਤੁਸੀਂ ਸੁਣਿਆ ਹੈ ਕਿ ਅਨਾਕੀਆਂ ਅੱਗੇ ਕੌਣ ਖੜੋ ਸੱਕਦਾ ਹੈ?
3. ਤੁਸੀਂ ਅੱਜ ਜਾਣ ਲਓ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਭਸਮ ਵਾਲੀ ਅੱਗ ਵਾਂਙੁ ਲੰਘਣ ਵਾਲਾ ਹੈ। ਉਹ ਓਹਨਾਂ ਦਾ ਨਾਸ ਕਰੇਗਾ ਅਤੇ ਓਹਨਾਂ ਨੂੰ ਤੁਹਾਡੇ ਅੱਗੇ ਨੀਵਾਂ ਕਰੇਗਾ ਅਤੇ ਤੁਸੀਂ ਓਹਨਾਂ ਨੂੰ ਕੱਢ ਦਿਓਗੇ ਅਤੇ ਝੱਟ ਪੱਟ ਓਹਨਾਂ ਦਾ ਨਾਸ ਕਰ ਦਿਓਗੇ ਜਿਵੇਂ ਯਹੋਵਾਹ ਤੁਹਾਨੂੰ ਬੋਲਿਆ ਸੀ
4. ਤੁਸੀਂ ਆਪਣੇ ਮਨ ਵਿੱਚ ਨਾ ਆਖੋ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇ ਕਿ ਸਾਡੇ ਧਰਮ ਦੇ ਕਾਰਨ ਯਹੋਵਾਹ ਸਾਨੂੰ ਏਸ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਲਿਆਇਆ ਹੈ। ਨਹੀਂ, ਸਗੋਂ ਓਹਨਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਰਿਹਾ ਹੈ
5. ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ, ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਜਾਂਦੇ ਹੋ ਸਗੋਂ ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗੋਂ ਕੱਢਦਾ ਹੈ ਅਤੇ ਏਸ ਲਈ ਵੀ ਕਿ ਉਹ ਉਸ ਬਚਨ ਨੂੰ ਕਾਇਮ ਰੱਖੇ ਜਿਹੜਾ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾ ਕੇ ਕੀਤਾ ਸੀ
6. ਤੁਸੀਂ ਜਾਣ ਲਓ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਧਰਮ ਦੇ ਕਾਰਨ ਏਹ ਚੰਗੀ ਧਰਤੀ ਤੁਹਾਨੂੰ ਕਬਜ਼ਾ ਕਰਨ ਲਈ ਨਹੀਂ ਦਿੰਦਾ ਕਿਉਂ ਜੋ ਤੁਸੀਂ ਹਾਠੇ ਲੋਕ ਹੋ।।
7. ਚੇਤੇ ਰੱਖੋ ਅਤੇ ਵਿੱਸਰ ਨਾ ਜਾਓ ਕਿ ਤੁਸਾਂ ਕਿਵੇਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਜਾੜ ਵਿੱਚ ਗੁੱਸੇ ਕੀਤਾ। ਜਿਸ ਦਿਨ ਤੋਂ ਤੁਸੀਂ ਮਿਸਰ ਦੇਸ ਤੋਂ ਨਿੱਕਲੇ ਉਸ ਦਿਨ ਤੀਕ ਕਿ ਤੁਸੀਂ ਏਸ ਅਸਥਾਨ ਤੀਕ ਆਏ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੋ
8. ਅਤੇ ਹੋਰੇਬ ਵਿੱਚ ਵੀ ਤੁਸਾਂ ਯਹੋਵਾਹ ਨੂੰ ਗੁੱਸੇ ਕੀਤਾ ਅਤੇ ਯਹੋਵਾਹ ਤੁਹਾਡਾ ਨਾਸ ਕਰਨ ਲਈ ਕ੍ਰੋਧਵਾਨ ਹੋਇਆ
9. ਜਦ ਮੈਂ ਪਹਾੜ ਉੱਤੇ ਪੱਥਰ ਦੀਆਂ ਪੱਟੀਆਂ ਲੈਣ ਨੂੰ ਚੜ੍ਹਿਆ ਅਰਥਾਤ ਉਸ ਨੇਮ ਦੀਆਂ ਪੱਟੀਆਂ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਬੰਨ੍ਹਿਆ ਸੀ ਤਦ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ। ਮੈਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ
10. ਤਾਂ ਯਹੋਵਾਹ ਨੇ ਮੈਨੂੰ ਦੋਨੋਂ ਪੱਥਰ ਦੀਆਂ ਪੱਟੀਆਂ ਦਿੱਤੀਆਂ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਲਿਖੀਆਂ ਹੋਈਆਂ ਸਨ ਅਤੇ ਓਹਨਾਂ ਉੱਤੇ ਸਾਰੀਆਂ ਬਾਣੀਆਂ ਅਨੁਸਾਰ ਲਿਖਿਆ ਹੋਇਆ ਸੀ ਜਿਹੜੀਆਂ ਯਹੋਵਾਹ ਨੇ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਦੇ ਦਿਨ ਕੀਤੀਆਂ
11. ਤਾਂ ਐਉਂ ਹੋਇਆ ਕਿ ਚਾਲੀਆਂ ਦਿਨਾਂ ਅਤੇ ਚਾਲੀਆਂ ਰਾਤਾਂ ਦੇ ਅੰਤ ਵਿੱਚ ਯਹੋਵਾਹ ਨੇ ਓਹ ਦੋਵੇਂ ਪੱਥਰ ਦੀਆਂ ਪੱਟੀਆਂ ਅਰਥਾਤ ਨੇਮ ਦੀਆਂ ਪੱਟੀਆਂ ਮੈਨੂੰ ਦਿੱਤੀਆਂ
12. ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਠ ਅਤੇ ਛੇਤੀ ਨਾਲ ਏਥੋਂ ਉਤਰ ਜਾਹ ਕਿਉਂ ਜੋ ਤੇਰੇ ਲੋਕ ਜਿੰਨ੍ਹਾਂ ਨੂੰ ਮਿਸਰ ਤੋਂ ਕੱਢ ਲਿਆਇਆ ਹੈਂ ਆਪਣੇ ਆਪ ਨੂੰ ਭ੍ਰਿਸ਼ਟ ਕਰ ਬੈਠੇ ਹਨ। ਓਹ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਇੱਕ ਢਾਲੀ ਹੋਈ ਮੂਰਤ ਆਪਣੇ ਲਈ ਬਣਾ ਲਈ ਹੈ
13. ਨਾਲੇ ਯਹੋਵਾਹ ਨੇ ਮੈਨੂੰ ਆਖਿਆ ਕਿ ਮੈਂ ਏਸ ਪਰਜਾ ਨੂੰ ਡਿੱਠਾ ਅਤੇ ਵੇਖ, ਉਹ ਇੱਕ ਹਾਠੀ ਪਰਜਾ ਹੈ
14. ਮੈਨੂੰ ਛੱਡ ਕਿ ਮੈਂ ਉਨ੍ਹਾਂ ਦਾ ਨਾਸ ਕਰਾਂ ਅਤੇ ਉਨ੍ਹਾਂ ਦਾ ਨਾਉਂ ਅਕਾਸ਼ ਦੇ ਹੇਠੋਂ ਮਿਟਾ ਦਿਆਂ ਅਤੇ ਮੈਂ ਤੈਥੋਂ ਇੱਕ ਕੌਮ ਉਨ੍ਹਾਂ ਤੋਂ ਬਲਵੰਤ ਅਤੇ ਵੱਡੀ ਬਣਾਵਾਂਗਾ।।
15. ਤਾਂ ਮੈਂ ਪਹਾੜ ਤੋਂ ਹੇਠਾਂ ਨੂੰ ਮੁੜ ਆਇਆ ਅਤੇ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋਨੋਂ ਪੱਟੀਆਂ ਮੇਰੇ ਦੋਹਾਂ ਹੱਥਾਂ ਵਿੱਚ ਸਨ
16. ਤਾਂ ਮੈਂ ਡਿੱਠਾ ਅਤੇ ਵੇਖੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪਾਪ ਕੀਤਾ ਜੋ ਤੁਸਾਂ ਆਪਣੇ ਲਈ ਇੱਕ ਵੱਛਾ ਢਾਲ ਕੇ ਬਣਾ ਲਿਆ। ਤੁਸੀਂ ਛੇਤੀ ਨਾਲ ਉਸ ਮਾਰਗ ਤੋਂ ਮੁੜ ਪਏ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ
17. ਮੈਂ ਓਹ ਦੋਨੋਂ ਪੱਟੀਆਂ ਫੜ ਕੇ ਆਪਣੇ ਦੋਹਾਂ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਮੈਂ ਤੁਹਾਡੇ ਵੇਖਦਿਆਂ ਤੇ ਓਹਨਾਂ ਨੂੰ ਭੰਨ ਸੁੱਟਿਆ
18. ਤਾਂ ਮੈਂ ਅੱਗੇ ਵਾਂਙੁ ਯਹੋਵਾਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਪਿਆ ਰਿਹਾ। ਨਾ ਮੈਂ ਰੋਟੀ ਖਾਧੀ ਨਾ ਮੈਂ ਪਾਣੀ ਪੀਤਾ ਤੁਹਾਡੇ ਸਾਰੇ ਪਾਪਾਂ ਦੇ ਕਾਰਨ ਜਿਹੜੇ ਤੁਸਾਂ ਕੀਤੇ ਜਦ ਤੁਸਾਂ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਸੋ ਉਸ ਨੂੰ ਗੁੱਸਾ ਚੜ੍ਹਾਇਆ
19. ਮੈਂ ਤਾਂ ਉਸ ਦੇ ਗੁੱਸੇ ਅਤੇ ਗਰਮ ਹੋਣ ਦੇ ਕਾਰਨ ਡਰਿਆ ਕਿਉਂ ਜੋ ਯਹੋਵਾਹ ਤੁਹਾਡੇ ਵਿਰੁੱਧ ਅਜੇਹਾ ਗੁੱਸਾ ਹੋਇਆ ਕਿ ਉਹ ਤੁਹਾਡਾ ਨਾਸ਼ ਕਰਨ ਵਾਲਾ ਹੀ ਸੀ। ਤਾਂ ਯਹੋਵਾਹ ਨੇ ਉਸ ਵੇਲੇ ਵੀ ਮੇਰੀ ਸੁਣ ਲਈ ਸੀ
20. ਫੇਰ ਯਹੋਵਾਹ ਹਾਰੂਨ ਉੱਤੇ ਬਹੁਤ ਗੁੱਸੇ ਹੋਇਆ ਭਈ ਉਹ ਨੂੰ ਨਾਸ ਕਰ ਦੇਵੇਂ ਤਾਂ ਮੈਂ ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ
21. ਮੈਂ ਤੁਹਾਡੇ ਪਾਪ ਨੂੰ ਅਰਥਾਤਉਸ ਵੱਛੇ ਨੂੰ ਜਿਹੜਾ ਤੁਸਾਂ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਮੈਂ ਉਸ ਨੂੰ ਕੁੱਟ ਕੇ ਅਤੇ ਪੀਹ ਕੇ ਐੱਨਾ ਮਹੀਨ ਕਰ ਦਿੱਤਾ ਕਿ ਉਹ ਗਰਦ ਜਿਹਾ ਹੋ ਗਿਆ ਤਾਂ ਮੈਂ ਉਸ ਗਰਦ ਨੂੰ ਚੁੱਕ ਕੇ ਉਸ ਨਾਲੇ ਵਿੱਚ ਸੁੱਟ ਦਿੱਤਾ ਜਿਹੜਾ ਪਹਾੜ ਤੋਂ ਹੇਠਾਂ ਨੂੰ ਆਉਂਦਾ ਸੀ
22. ਤਬਏਰਾਹ ਮੱਸਾਹ ਅਤੇ ਕਿਬਰੋਥ-ਹੱਤਆਵਾਹ ਵਿੱਚ ਤੁਸਾਂ ਯਹੋਵਾਹ ਨੂੰ ਗੁੱਸਾ ਚੜ੍ਹਾਇਆ
23. ਜਦ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ ਤੋਂ ਘੱਲਿਆ ਅਤੇ ਆਖਿਆ, ਚੜ੍ਹ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਾਓ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਤੋਂ ਆਕੀ ਹੋ ਗਏ ਅਤੇ ਉਸ ਉੱਤੇ ਪਰਤੀਤ ਨਾ ਕੀਤੀ ਨਾ ਉਸ ਦੀ ਅਵਾਜ਼ ਨੂੰ ਸੁਣਿਆ
24. ਜਿਸ ਦਿਨ ਤੋਂ ਮੈਂ ਤੁਹਾਨੂੰ ਜਾਤਾ ਤੁਸੀਂ ਯਹੋਵਾਹ ਦੇ ਵਿੱਰੁਧ ਆਕੀ ਰਹੇ ਹੋ।।
25. ਤਾਂ ਮੈਂ ਚਾਲੀ ਦਿਨ ਅਤੇ ਚਾਲੀ ਰਾਤਾਂ ਯਹੋਵਾਹ ਦੇ ਅੱਗੇ ਮੂੰਹ ਪਰਨੇ ਡਿੱਗ ਕੇ ਪਿਆ ਰਿਹਾ ਜਿਵੇਂ ਅੱਗੇ ਪਿਆ ਰਿਹਾ ਸਾਂ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਨਾਸ ਕਰਨ ਲਈ ਆਖਿਆ ਸੀ
26. ਤਾਂ ਮੈਂ ਯਹੋਵਾਹ ਕੋਲ ਬੇਨਤੀ ਕੀਤੀ ਕਿ ਹੇ ਪ੍ਰਭੁ ਯਹੋਵਾਹ, ਆਪਣੀ ਪਰਜਾ ਨੂੰ ਆਪਣੀ ਮਿਲਖ ਨੂੰ ਨਾਸ ਨਾ ਕਰ ਜਿਹ ਦਾ ਤੈਂ ਆਪਣੀ ਮਹਾਨਤਾ ਨਾਲ ਨਿਸਤਾਰਾ ਕੀਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸਰ ਤੋਂ ਬਾਹਰ ਲੈ ਕਿ ਆਇਆ ਹੈਂ
27. ਆਪਣੇ ਦਾਸਾਂ ਨੂੰ ਯਾਦ ਕਰ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਅਤੇ ਏਸ ਪਰਜਾ ਦੀ ਘੇਸ ਅਤੇ ਦੁਸ਼ਟਪੁਣੇ ਅਤੇ ਪਾਪ ਨੂੰ ਨਾ ਵੇਖ
28. ਮਤੇ ਉਸ ਧਰਤੀ ਦੇ ਲੋਕ ਜਿੱਥੋਂ ਤੂੰ ਸਾਨੂੰ ਕੱਢ ਲਿਆਇਆਂ ਹੈ ਆਖਣ ਕਿ ਯਹੋਵਾਹ ਓਹਨਾਂ ਨੂੰ ਉਸ ਧਰਤੀ ਵਿੱਚ ਨਾ ਲਿਆ ਸਕਿਆ ਜਿਹ ਦਾ ਓਹਨਾਂ ਨਾਲ ਬਚਨ ਕੀਤਾ ਸੀ ਕਿਉਂ ਜੋ ਉਹ ਓਹਨਾਂ ਨਾਲ ਲਾਗ ਰੱਖਦਾ ਹੈ ਏਸ ਲਈ ਓਹਨਾਂ ਨੂੰ ਕੱਡ ਲਿਆਇਆ ਕਿ ਉਜਾੜ ਵਿੱਚ ਓਹਨਾਂ ਦਾ ਨਾਸ ਕਰੇ
29. ਓਹ ਤੇਰੀ ਪਰਜਾ ਅਤੇ ਤੇਰੀ ਮਿਲਖ ਹਨ ਜਿਨ੍ਹਾਂ ਨੂੰ ਵੱਡੀ ਸ਼ਕਤੀ ਅਤੇ ਲੰਮੀ ਬਾਂਹ ਨਾਲ ਕੱਢ ਲਿਆਇਆ।।