1. ਜਾਂ ਯਿਸੂ ਰਾਜਾ ਹੇਰੋਦੇਸ ਦੇ ਦਿਨੀਂ ਯਹੂਦਿਯਾ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ, ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ,
2. ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹ ਦਾ ਤਾਰਾ ਡਿੱਠਾ ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ
3. ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਣੇ ਘਬਰਾਇਆ
4. ਅਤੇ ਉਸ ਨੇ ਸਾਰੇ ਪਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇੱਕਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ ।
5. ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਐਉਂ ਲਿਖਿਆ ਹੋਇਆ ਹੈ ਕਿ
6. ਹੇ ਬੈਤਲਹਮ ਯਹੂਦਾਹ ਦੇਸ ਦੇ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰਾਂ ਛੋਟਾ ਨਹੀਂ ਹੈਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਗਾ।।
7. ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਨ੍ਹਾਂ ਕੋਲੋਂ ਠੀਕ ਠੀਕ ਪਤਾ ਲਿਆ ਕਿ ਤਾਰਾ ਕਦੋਂ ਵਿਖਾਈ ਦਿੱਤਾ
8. ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ ਭਈ ਜਾਓ ਜਤਨ ਨਾਲ ਉਸ ਬਾਲਕ ਦੀ ਭਾਲ ਕਰੋ ਅਰ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖ਼ਬਰ ਦਿਓ ਤਾਂ ਮੈਂ ਭੀ ਜਾ ਕੇ ਉਹ ਨੂੰ ਮੱਥਾਂ ਟੇਕਾਂ
9. ਉਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਨ੍ਹਾਂ ਨੇ ਚੜ੍ਹਦੇ ਪਾਸੇ ਡਿੱਠਾ ਸੀ ਉਨ੍ਹਾਂ ਦੇ ਅੱਗੇ ਅੱਗੇ ਚੱਲਿਆ ਇੱਥੋਂ ਤੀਕ ਜੋ ਉਸ ਥਾਂ ਦੇ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ
10. ਅਤੇ ਤਾਰੇ ਨੂੰ ਵੇਖ ਕੇ ਓਹ ਵੱਡੇ ਹੀ ਅਨੰਦ ਹੋਏ
11. ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਡਿੱਠਾ ਅਰ ਪੈਰੀਂ ਪੈਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ ਅਤੇ ਲੁਬਾਣ ਅਤੇ ਗੰਧਰਸ ਉਹ ਦੀ ਭੇਟ ਕੀਤੀ
12. ਅਰ ਸੁਫਨੇ ਵਿੱਚ ਖ਼ਬਰ ਪਾ ਕੇ ਜੋ ਹੇਰੋਦੇਸ ਦੇ ਕੋਲ ਫੇਰ ਨਾ ਜਾਣ ਓਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।।
13. ਜਾਂ ਓਹ ਤੁਰ ਗਏ ਸਨ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ, ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾਹ ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੁ ਕਿਉਂ ਜੋ ਹੇਰੇਦੇਸ ਉਹ ਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾਲੇਗਾ
14. ਤਦ ਉਹ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ
15. ਅਤੇ ਹੇਰੋਦੇਸ ਦੇ ਮਰਨ ਤੋੜੀ ਉੱਥੇ ਰਿਹਾ ਇਸ ਲਈ ਕਿ ਜਿਹੜਾ ਬਚਨ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਭਈ ਮੈਂ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।।
16. ਜਾਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆ ਨੇ ਮੇਰੇ ਨਾਲ ਮਖ਼ੌਲ ਕੀਤਾ ਤਾਂ ਉਹ ਨੂੰ ਵੱਡਾ ਕ੍ਰੋਧ ਆਇਆ ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹਮ ਅਤੇ ਉਹ ਦੇ ਆਲੇ ਦੁਆਲੇ ਦੇ ਸਭਨਾਂ ਨੀਂਗਰਾਂ ਨੂੰ ਮਰਵਾ ਸੁੱਟਿਆ ਜਿਹੜੇ ਦੋ ਵਰਿਹਾਂ ਦੇ ਅਤੇ ਏਦੋਂ ਸਿਆਣੇ ਸਨ ਉਸ ਸਮੇ ਦੇ ਅਨੁਸਾਰ ਜਿਹੜਾ ਜੋਤਸ਼ੀਆਂ ਤੋਂ ਠੀਕ ਪਤਾ ਲਿਆ ਸੀ
17. ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਭਈ
18. ਰਾਮਾਹ ਵਿੱਚ ਇਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਓਹ ਨਹੀਂ ਹਨ।।
19. ਜਾਂ ਹੇਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੁ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ,
20. ਉੱਠ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਨੂੰ ਜਾਹ ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਉਹ ਮਰ ਗਏ
21. ਤਦ ਓਹ ਉੱਠਿਆ ਅਤੇ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਵਿੱਚ ਆਇਆ
22. ਪਰ ਜਾਂ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ ਪਰ ਸੁਫਨੇ ਵਿੱਚ ਖ਼ਬਰ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ
23. ਅਤੇ ਨਾਸਰਤ ਨਾਮੇ ਇੱਕ ਨਗਰ ਵਿੱਚ ਜਾ ਵੱਸਿਆ ਇਸ ਲਈ ਕਿ ਜਿਹੜਾ ਬਚਨ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਉਹ ਨਾਸਰੀ ਕਹਾਵੇਗਾ।।