1. ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ [* ਇਸਰਾਏਲੀ ਲੋਕਾਂ ਉੱਤੇ ] ਬਣੇਂ?
2. ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖ਼ੇਲ ਦੀ ਕਬਰ ਸਲਸਹ ਕੋਲ ਤੈਨੂੰ ਦੋ ਲੋਕ ਮਿਲਣਗੇ ਅਤੇ ਉਹ ਤੈਨੂੰ ਆਖਣਗੇ ਕਿ ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਗਧੀਆਂ ਲੱਭ ਗਈਆਂ ਹਨ, ਵੇਖ, ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫ਼ਿਕਰ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤਰ ਲਈ ਕੀ ਕਰਾਂ?
3. ਫਿਰ ਤੂੰ ਉੱਥੋਂ ਲੰਘੇਂਗਾ ਅਤੇ ਤਾਬੋਰ ਦੇ ਬਲੂਤ ਹੇਠ ਪਹੁੰਚੇਗਾ ਤਾਂ ਉੱਥੋਂ ਤਿੰਨ ਲੋਕ ਜੋ ਪਰਮੇਸ਼ੁਰ ਦੇ ਅੱਗੇ ਬੈਤਏਲ ਵਿੱਚ ਜਾਂਦੇ ਹੋਣਗੇ ਤੈਨੂੰ ਮਿਲਣਗੇ। ਇੱਕ ਬੱਕਰੀ ਦੇ ਤਿੰਨ ਬੱਚੇ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ।
4. ਉਹ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ,
5. ਇਸ ਤੋਂ ਬਾਅਦ ਤੂੰ ਪਰਮੇਸ਼ੁਰ ਦੇ ਪਰਬਤ ਦੇ ਨੇੜੇ ਜਿੱਥੇ ਫ਼ਲਿਸਤੀਆਂ ਦੀ ਚੌਂਕੀ ਹੈ ਪਹੁੰਚੇਗਾ ਅਤੇ ਅਜਿਹਾ ਹੋਵੇਗਾ ਜਦ ਤੂੰ ਉੱਥੇ ਸ਼ਹਿਰ ਵਿੱਚ ਦਾਖਿਲ ਹੋਵੇਂ ਤਾਂ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਤੋਂ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮ ਵਾਕ ਕਰਦੇ ਹੋਣਗੇ।
6. ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਬੋਲੇਂਗਾ ਸਗੋਂ ਤੂੰ ਇੱਕ ਅਲੱਗ ਤਰ੍ਹਾਂ ਦਾ ਮਨੁੱਖ ਬਣ ਜਾਵੇਂਗਾ
7. ਅਤੇ ਅਜਿਹਾ ਹੋਵੇਗਾ ਜਦ ਇਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ; ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ।
8. ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਜਾ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਵਾਂ। ਤੂੰ ਸੱਤਾਂ ਦਿਨਾਂ ਤੱਕ ਉੱਥੇ ਰਹਿ ਜਦ ਤੱਕ ਮੈਂ ਤੇਰੇ ਕੋਲ ਨਾ ਪਹੁੰਚਾ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ। [PE][PS]
9. ਜਿਵੇਂ ਹੀ ਉਹ ਸਮੂਏਲ ਕੋਲੋਂ ਮੁੜਿਆ ਤੇ ਪਿੱਠ ਫੇਰੀ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਸ ਨੂੰ ਇੱਕ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ।
10. ਜਦ ਉਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਸ ਨੂੰ ਇੱਕ ਨਬੀਆਂ ਦੀ ਟੋਲੀ ਮਿਲੀ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜ਼ੋਰ ਨਾਲ ਆਇਆ ਅਤੇ ਉਹ ਵੀ ਉਨ੍ਹਾਂ ਨਾਲ ਅਗੰਮ ਵਾਕ ਬੋਲਣ ਲੱਗ ਪਿਆ
11. ਅਤੇ ਜਦ ਉਹ ਦੇ ਜਾਣਨ ਵਾਲਿਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਕ ਬੋਲਦਿਆਂ ਦੇਖਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤਰ ਨੂੰ ਕੀ ਹੋਇਆ? ਕੀ ਸ਼ਾਊਲ ਵੀ ਨਬੀਆਂ ਦੇ ਵਿੱਚ ਹੈ?
12. ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਤਦੋਂ ਦੀ ਇਹ ਕਹਾਉਤ ਬਣ ਗਈ, “ਭਲਾ, ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
13. ਜਦ ਉਹ ਅਗੰਮ ਵਾਕ ਬੋਲ ਚੁੱਕਿਆ ਤਾਂ ਉੱਚੇ ਥਾਂ ਨੂੰ ਗਿਆ। [PE][PS]
14. ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਤੇ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸੀ? ਉਹ ਨੇ ਆਖਿਆ, ਗਧੀਆਂ ਨੂੰ ਲੱਭਣ ਅਤੇ ਜਦ ਅਸੀਂ ਵੇਖਿਆ ਜੋ ਉਹ ਸਾਨੂੰ ਨਾ ਮਿਲੀਆਂ ਤਦ ਅਸੀਂ ਸਮੂਏਲ ਕੋਲ ਗਏ।
15. ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ?
16. ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਕਿ ਗਧੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ। [PS]
17. {ਰਾਜਾ ਦੇ ਰੂਪ ਵਿੱਚ ਸ਼ਾਊਲ ਦਾ ਸਵਾਗਤ} [PS] ਇਹ ਦੇ ਪਿੱਛੋਂ ਸਮੂਏਲ ਨੇ ਮਿਸਪਾਹ ਵਿੱਚ ਲੋਕਾਂ ਨੂੰ ਸੱਦ ਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ।
18. ਅਤੇ ਇਸਰਾਏਲੀਆਂ ਨੂੰ ਆਖਿਆ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ, ਕਿ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ।
19. ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਤੁਹਾਡੇ ਦੁੱਖਾਂ ਤੋਂ ਤੁਹਾਡਾ ਛੁਟਕਾਰਾ ਕੀਤਾ ਤੁਸੀਂ ਉਹ ਨੂੰ ਆਖਿਆ, ਹਾਂ, ਸਾਡੇ ਲਈ ਇੱਕ ਰਾਜਾ ਨਿਯੁਕਤ ਕਰ। ਸੋ ਹੁਣ ਇੱਕ-ਇੱਕ ਗੋਤ ਪਿੱਛੇ ਹਜ਼ਾਰ-ਹਜ਼ਾਰ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੋ। [PE][PS]
20. ਜਦ ਸਮੂਏਲ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਇਕੱਠਿਆਂ ਕੀਤਾ ਤਾਂ ਬਿਨਯਾਮੀਨ ਗੋਤ ਦੇ ਨਾਮ ਤੇ ਪਰਚੀ ਨਿੱਕਲੀ
21. ਅਤੇ ਜਦ ਉਹ ਨੇ ਬਿਨਯਾਮੀਨ ਦੇ ਗੋਤ ਨੂੰ ਉਸ ਦੇ ਟੱਬਰਾਂ ਦੇ ਅਨੁਸਾਰ ਨਜ਼ਦੀਕ ਬੁਲਾਇਆ ਤਾਂ ਮਤਰੀ ਦੇ ਟੱਬਰ ਦਾ ਨਾਮ ਨਿੱਕਲਿਆ ਅਤੇ ਫੇਰ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਮ ਨਿੱਕਲਿਆ ਅਤੇ ਜਦ ਉਨ੍ਹਾਂ ਨੇ ਉਹ ਨੂੰ ਭਾਲਿਆ ਤਾਂ ਉਹ ਨਾ ਲੱਭਿਆ।
22. ਸੋ ਉਨ੍ਹਾਂ ਨੇ ਫੇਰ ਯਹੋਵਾਹ ਕੋਲੋਂ ਪੁੱਛਿਆ, ਕੋਈ ਹੋਰ ਮਨੁੱਖ ਐਥੇ ਆਵੇਗਾ ਕਿ ਨਹੀਂ? ਯਹੋਵਾਹ ਨੇ ਆਖਿਆ, ਵੇਖੋ, ਉਹ ਸਮਾਨ ਵਿੱਚ ਲੁੱਕ ਰਿਹਾ ਹੈ।
23. ਤਦ ਉਹ ਭੱਜ ਕੇ ਉੱਥੋਂ ਉਸ ਨੂੰ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿਚਕਾਰ ਖੜ੍ਹਾ ਹੋਇਆ ਤਾਂ ਉਹ ਸਭਨਾਂ ਤੋਂ ਵੱਧ ਲੰਮਾ ਸੀ ਕਿਉਂ ਜੋ ਸਾਰੇ ਉਸ ਦੇ ਮੋਢੇ ਤੱਕ ਹੀ ਆਉਂਦੇ ਸਨ।
24. ਸਮੂਏਲ ਨੇ ਲੋਕਾਂ ਨੂੰ ਆਖਿਆ, ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਨਹੀਂ। ਤਦ ਸਾਰੇ ਲੋਕਾਂ ਨੇ ਜੈਕਾਰਾ ਬੁਲਾ ਕੇ ਆਖਿਆ, ਰਾਜਾ ਜਿਉਂਦਾ ਰਹੇ! [PE][PS]
25. ਫੇਰ ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ ਅਤੇ ਪੋਥੀ ਵਿੱਚ ਲਿਖ ਕੇ ਯਹੋਵਾਹ ਦੇ ਸਾਹਮਣੇ ਰੱਖ ਦਿੱਤਾ। ਸਮੂਏਲ ਨੇ ਸਾਰੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ ਆਪਣੇ ਘਰ ਜਾਵੇ।
26. ਸ਼ਾਊਲ ਵੀ ਗਿਬਆਹ ਨੂੰ ਆਪਣੇ ਘਰ ਗਿਆ ਅਤੇ ਲੋਕਾਂ ਦੀ ਇੱਕ ਟੋਲੀ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉਹ ਦੇ ਨਾਲ ਗਈ।
27. ਪਰ ਕੁਝ ਬੁਰੇ ਲੋਕ ਬੋਲੇ, ਇਹ ਮਨੁੱਖ ਸਾਨੂੰ ਕਿਵੇਂ ਬਚਾਵੇਗਾ? ਅਤੇ ਉਹ ਦੀ ਨਿੰਦਿਆ ਕੀਤੀ ਅਤੇ ਉਹ ਦੇ ਲਈ ਨਜ਼ਰਾਨਾ ਨਾ ਲਿਆਏ। ਪਰ ਉਸ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣੀ ਕਰ ਦਿੱਤੀ। [PE]