1. {ਅਬਸ਼ਾਲੋਮ ਦੀ ਹਾਰ ਅਤੇ ਮੌਤ} [PS] ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇਕੱਠੇ ਸਨ, ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਪ੍ਰਧਾਨ ਅਤੇ ਸੈਂਕੜਿਆਂ ਉੱਤੇ ਪ੍ਰਧਾਨ ਨਿਯੁਕਤ ਕਰ ਦਿੱਤੇ।
2. ਦਾਊਦ ਨੇ ਲੋਕਾਂ ਦੀ ਇੱਕ ਤਿਹਾਈ ਯੋਆਬ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਗਿੱਤੀ ਇੱਤਈ ਦੇ ਹੱਥ ਕਰਕੇ ਉਨ੍ਹਾਂ ਨੂੰ ਬਾਹਰ ਭੇਜਿਆ। ਤਦ ਰਾਜਾ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ।
3. ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ, ਪਰ ਹੁਣ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖਾਂ ਵਰਗੇ ਹੋ। ਸੋ ਹੁਣ ਚੰਗੀ ਗੱਲ ਇਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ।
4. ਤਦ ਰਾਜਾ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹੋ ਕਰਾਂਗਾ। ਸੋ ਰਾਜਾ ਸ਼ਹਿਰ ਦੇ ਫਾਟਕ ਦੇ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਲੋਕ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿੱਕਲ ਪਏ।
5. ਉਸ ਵੇਲੇ ਰਾਜਾ ਨੇ ਯੋਆਬ ਅਤੇ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਕਿ ਮੇਰੇ ਕਾਰਨ ਉਸ ਜਵਾਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ ਅਤੇ ਜਿਸ ਵੇਲੇ ਰਾਜਾ ਨੇ ਸਾਰੇ ਪ੍ਰਧਾਨਾਂ ਨੂੰ ਅਬਸ਼ਾਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ।
6. ਲੋਕ ਮੈਦਾਨ ਦੇ ਵਿੱਚ ਨਿੱਕਲ ਕੇ ਇਸਰਾਏਲ ਦਾ ਸਾਹਮਣਾ ਕਰਨ ਲਈ ਆਏ ਅਤੇ ਇਫ਼ਰਾਈਮ ਨਾਮ ਦੇ ਜੰਗਲ ਵਿੱਚ ਲੜਾਈ ਹੋਈ।
7. ਇਸਰਾਏਲ ਦੇ ਲੋਕ ਦਾਊਦ ਦੇ ਸੇਵਕਾਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ ਵੀਹ ਹਜ਼ਾਰ ਮਨੁੱਖਾਂ ਦੀ ਡਾਢੀ ਮਾਰ ਹੋਈ।
8. ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ਼ ਵਿੱਚ ਫੈਲ ਗਈ, ਜਿਹੜੇ ਜੰਗਲ ਵਿੱਚ ਨਾਸ ਹੋਏ ਉਨ੍ਹਾਂ ਨਾਲੋਂ ਬਹੁਤ ਜਿਆਦਾ ਸਨ, ਜਿਹੜੇ ਤਲਵਾਰ ਨਾਲ ਮਾਰੇ ਗਏ।
9. ਉਸ ਵੇਲੇ ਅਬਸ਼ਾਲੋਮ ਦਾਊਦ ਦੇ ਸੇਵਕਾਂ ਨੂੰ ਟੱਕਰ ਗਿਆ। ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ। ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ। ਤਦ ਉਹ ਦਾ ਸਿਰ ਬਲੂਤ ਵਿੱਚ ਫਸ ਗਿਆ ਅਤੇ ਉਹ ਆਕਾਸ਼ ਅਤੇ ਧਰਤੀ ਦੇ ਵਿਚਕਾਰ ਲਟਕਦਾ ਰਹਿ ਗਿਆ ਅਤੇ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ।
10. ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖ਼ਬਰ ਦੱਸੀ ਕਿ ਵੇਖ, ਮੈਂ ਅਬਸ਼ਾਲੋਮ ਨੂੰ ਬਲੂਤ ਦੇ ਬਿਰਛ ਨਾਲ ਫਸਿਆ ਹੋਇਆ ਵੇਖਿਆ!
11. ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹ ਨੂੰ ਖ਼ਬਰ ਦੱਸੀ ਸੀ ਆਖਿਆ ਵਾਹ! ਤੂੰ ਉਹ ਨੂੰ ਵੇਖਿਆ ਅਤੇ ਉਹ ਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਦਿੱਤਾ? ਤਾਂ ਮੈਂ ਤੈਨੂੰ ਦਸ ਟੁੱਕੜੇ ਚਾਂਦੀ ਅਤੇ ਇੱਕ ਪੇਟੀ ਦਿੰਦਾ।
12. ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ ਹਜ਼ਾਰ ਟੁੱਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜਾ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜਾ ਨੇ ਸਾਨੂੰ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਬੀਸ਼ਈ ਅਤੇ ਇੱਤਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।
13. ਜੇ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।
14. ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਜਿਆਦਾ ਸਮਾਂ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਬਲੂਤ ਦੇ ਵਿਚਕਾਰ ਜੀਉਂਦਾ ਹੀ ਸੀ, ਧਸਾ ਦਿੱਤੇ।
15. ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ।
16. ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ।
17. ਅਤੇ ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਜੰਗਲ ਦੇ ਵਿੱਚ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਸਰਾਏਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ। [PS]
18. {ਅਬਸ਼ਾਲੋਮ ਦੀ ਮੌਤ ਦੀ ਦਾਊਦ ਨੂੰ ਖ਼ਬਰ} [PS] ਅਬਸ਼ਾਲੋਮ ਨੇ ਆਪਣੇ ਜੀਉਂਦੇ ਜੀਅ ਆਪਣੇ ਲਈ ਸ਼ਾਹੀ ਵਾਦੀ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਕਿ ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰਾ ਨਾਮ ਯਾਦ ਰੱਖਿਆ ਜਾਵੇ ਅਤੇ ਉਸ ਨੇ ਆਪਣੇ ਨਾਮ ਉੱਤੇ ਉਸ ਥੰਮ੍ਹ ਦਾ ਨਾਮ ਰੱਖਿਆ ਅਤੇ ਅੱਜ ਦੇ ਦਿਨ ਤੱਕ ਉਹ ਅਬਸ਼ਾਲੋਮ ਦਾ ਥੰਮ੍ਹ ਸਦਾਉਂਦਾ ਹੈ।
19. ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਆਖਿਆ, ਮੈਨੂੰ ਹੁਣ ਦੌੜ ਕੇ ਰਾਜਾ ਨੂੰ ਇਹ ਖ਼ਬਰ ਦੇਣ ਲਈ ਜਾਣ ਦੇ ਕਿ ਜੋ ਯਹੋਵਾਹ ਨੇ ਉਹ ਦੇ ਵੈਰੀਆਂ ਤੋਂ ਉਹ ਦਾ ਬਦਲਾ ਲਿਆ ਹੈ।
20. ਯੋਆਬ ਨੇ ਉਸ ਨੂੰ ਆਖਿਆ, ਅੱਜ ਦੇ ਦਿਨ ਤੂੰ ਖ਼ਬਰ ਨਾ ਦੱਸ। ਕਿਸੇ ਹੋਰ ਦਿਨ ਤੈਨੂੰ ਖ਼ਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਖ਼ਬਰ ਨਾ ਦੇਵੀਂ ਕਿਉਂ ਜੋ ਰਾਜਾ ਦਾ ਪੁੱਤਰ ਮਰ ਗਿਆ ਹੈ।
21. ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, ਤੂੰ ਜਾ ਅਤੇ ਜੋ ਕੁਝ ਤੂੰ ਵੇਖਿਆ ਹੈ ਸੋ ਰਾਜਾ ਨੂੰ ਦੱਸ ਦੇ! ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ।
22. ਫਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰੀ ਯੋਆਬ ਨੂੰ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਵੀ ਆਗਿਆ ਦੇ ਤਾਂ ਜੋ ਮੈਂ ਕੂਸ਼ੀ ਦੇ ਪਿੱਛੇ ਦੌੜਾਂ ਸੋ ਯੋਆਬ ਨੇ ਆਖਿਆ, ਮੇਰੇ ਪੁੱਤਰ, ਤੈਨੂੰ ਭੱਜਣ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ?
23. ਫਿਰ ਉਸ ਨੇ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਦੌੜਨ ਦੇ। ਉਹ ਨੇ ਆਖਿਆ ਦੌੜ! ਅਤੇ ਅਹੀਮਅਸ ਮੈਦਾਨ ਦੇ ਰਾਹ ਤੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਨਿੱਕਲ ਗਿਆ
24. ਅਤੇ ਉਸ ਵੇਲੇ ਦਾਊਦ ਦੋਹਾਂ ਫਾਟਕਾਂ ਦੇ ਵਿਚਕਾਰ ਬੈਠਾ ਸੀ ਅਤੇ ਰਾਖ਼ਾ ਫਾਟਕ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਉਸ ਨੇ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ, ਇੱਕ ਜਣਾ ਇਕੱਲਾ ਦੌੜਿਆ ਆਉਂਦਾ ਸੀ।
25. ਰਾਖੇ ਨੇ ਪੁਕਾਰ ਕੇ ਰਾਜਾ ਨੂੰ ਖ਼ਬਰ ਕੀਤੀ ਸੋ ਰਾਜਾ ਨੇ ਆਖਿਆ, ਜੇ ਉਹ ਇਕੱਲਾ ਹੈ ਤਾਂ ਉਹ ਦੇ ਕੋਲ ਕੋਈ ਖ਼ਬਰ ਹੋਵੇਗੀ। ਉਹ ਭੱਜਦਾ-ਭੱਜਦਾ ਨੇੜੇ ਢੁੱਕਦਾ ਆਉਂਦਾ ਸੀ
26. ਤਦ ਰਾਖੇ ਨੇ ਇੱਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਵੇਖਿਆ ਅਤੇ ਰਾਖੇ ਨੇ ਫਾਟਕ ਦੇ ਰਖਵਾਲੇ ਨੂੰ ਸੱਦ ਕੇ ਕਿਹਾ, ਵੇਖ ਇੱਕ ਜਣਾ ਹੋਰ ਇਕੱਲਾ ਨੱਠਾ ਆਉਂਦਾ ਹੈ। ਤਦ ਰਾਜਾ ਨੇ ਆਖਿਆ, ਉਹ ਵੀ ਖ਼ਬਰ ਲਿਆਉਂਦਾ ਹੋਵੇਗਾ
27. ਤਦ ਰਾਖੇ ਨੇ ਆਖਿਆ, ਮੈਨੂੰ ਅਗਲੇ ਦਾ ਭੱਜਣਾ ਸਾਦੋਕ ਦੇ ਪੁੱਤਰ ਅਹੀਮਅਸ ਦੇ ਭੱਜਣ ਵਰਗਾ ਲੱਗਦਾ ਹੈ। ਤਦ ਰਾਜਾ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖ਼ਬਰ ਲਿਆਉਂਦਾ ਹੋਵੇਗਾ।
28. ਅਹੀਮਅਸ ਨੇ ਪੁਕਾਰ ਕੇ ਰਾਜਾ ਨੂੰ ਆਖਿਆ, ਸਭ ਸੁੱਖ ਹੈ ਅਤੇ ਰਾਜਾ ਦੇ ਅੱਗੇ ਮੂੰਹ ਭਰ ਡਿੱਗ ਪਿਆ ਅਤੇ ਮੱਥਾ ਟੇਕ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਹਾਰਾਜ ਰਾਜਾ ਉੱਤੇ ਹੱਥ ਚੁੱਕਿਆ ਸੀ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ।
29. ਤਾਂ ਰਾਜਾ ਨੇ ਪੁੱਛਿਆ, ਕੀ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖ਼ਬਰ ਨਹੀਂ ਸੀ ਜੋ ਕੀ ਹੋਇਆ ਹੈ।
30. ਤਦ ਰਾਜਾ ਨੇ ਆਖਿਆ, ਇੱਕ ਪਾਸੇ ਹੋ ਕੇ ਖੜ੍ਹਾ ਹੋ ਜਾ, ਤਦ ਉਹ ਇੱਕ ਪਾਸੇ ਹੋ ਕੇ ਖੜ੍ਹਾ ਹੋ ਗਿਆ।
31. ਤਦ ਵੇਖੋ, ਉਹ ਕੂਸ਼ੀ ਆਇਆ ਅਤੇ ਉਸ ਕੂਸ਼ੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਮੈਂ ਚੰਗੀ ਖ਼ਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਾਰਿਆਂ ਤੋਂ ਜੋ ਤੁਹਾਡੇ ਵਿਰੁੱਧ ਉੱਠੇ ਸਨ, ਤੁਹਾਡਾ ਬਦਲਾ ਲਿਆ।
32. ਜਦ ਰਾਜਾ ਨੇ ਉਸ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਤਦ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਹਾਰਾਜ ਰਾਜਾ ਦੇ ਵੈਰੀ ਅਤੇ ਓਹ ਸੱਭੇ ਜੋ ਰਾਜਾ ਦੇ ਵਿਰੋਧ ਵਿੱਚ ਤੁਹਾਡੀ ਹਾਨੀ ਕਰਨ ਲਈ ਉੱਠਦੇ ਹਨ ਸੋ ਉਸ ਜੁਆਨ ਵਰਗੇ ਹੋ ਜਾਣ!
33. ਤਦ ਰਾਜਾ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਫਾਟਕ ਦੇ ਉੱਤੇ ਸੀ ਰੋਂਦਾ-ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ! ਹੇ ਮੇਰੇ ਪੁੱਤਰ, ਮੇਰੇ ਪੁੱਤਰ ਅਬਸ਼ਾਲੋਮ! ਚੰਗਾ ਹੁੰਦਾ ਜੇਕਰ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ! [PE]