1. ਜੇਕਰ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹ ਨੂੰ ਕਿਸ ਨੇ ਮਾਰਿਆ ਹੈ,
2. ਤਾਂ ਤੁਹਾਡੇ ਬਜ਼ੁਰਗ ਅਤੇ ਨਿਆਈਂ ਬਾਹਰ ਜਾ ਕੇ, ਉਸ ਲਾਸ਼ ਦੇ ਆਲੇ-ਦੁਆਲੇ ਦੇ ਸ਼ਹਿਰਾਂ ਦੀ ਦੂਰੀ ਨਾਪਣ,
3. ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ।
4. ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜਿਹੜੀ ਨਾ ਵਾਹੀ ਅਤੇ ਨਾ ਬੀਜੀ ਗਈ ਹੋਵੇ, ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ।
5. ਫੇਰ ਲੇਵੀ ਜਾਜਕ ਨੇੜੇ ਆਉਣ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣ ਲਿਆ ਹੈ ਕਿ ਉਹ ਉਸ ਦੀ ਟਹਿਲ ਸੇਵਾ ਕਰਨ ਲਈ ਅਤੇ ਯਹੋਵਾਹ ਦੇ ਨਾਮ ਉੱਤੇ ਬਰਕਤ ਦੇਣ, ਅਤੇ ਉਨ੍ਹਾਂ ਦੇ ਆਖਣ ਅਨੁਸਾਰ ਹਰੇਕ ਮਾਰ ਕੁਟਾਈ ਅਤੇ ਝਗੜੇ ਦਾ ਫੈਸਲਾ ਕੀਤਾ ਜਾਵੇ।
6. ਉਸ ਸ਼ਹਿਰ ਦੇ ਸਾਰੇ ਬਜ਼ੁਰਗ ਜਿਹੜੇ ਲਾਸ਼ ਦੇ ਸਭ ਤੋਂ ਨੇੜੇ ਦੇ ਹੋਣ, ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਸ ਦੀ ਧੌਣ ਉਸ ਵਾਦੀ ਵਿੱਚ ਤੋੜੀ ਗਈ ਹੈ,
7. ਅਤੇ ਆਖਣ, “ਸਾਡੇ ਹੱਥੀਂ ਇਹ ਲਹੂ ਨਹੀਂ ਵਹਾਇਆ ਗਿਆ ਅਤੇ ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ ਹੈ।
8. ਹੇ ਯਹੋਵਾਹ, ਆਪਣੀ ਪਰਜਾ ਨੂੰ ਜਿਸ ਨੂੰ ਤੂੰ ਛੁਡਾਇਆ ਹੈ ਮੁਆਫ਼ੀ ਦੇ, ਅਤੇ ਬੇਦੋਸ਼ ਦਾ ਖੂਨ ਆਪਣੀ ਪਰਜਾ ਇਸਰਾਏਲ ਉੱਤੇ ਨਾ ਲਿਆ।” ਤਦ ਉਹ ਖੂਨ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ।
9. ਇਸ ਤਰ੍ਹਾਂ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਧਰਮ ਦਾ ਕੰਮ ਕਰਕੇ, ਬੇਦੋਸ਼ ਦੇ ਖੂਨ ਦਾ ਦੋਸ਼ ਆਪਣੇ ਵਿੱਚੋਂ ਕੱਢ ਸਕੋਗੇ। {ਯੁੱਧ-ਬੰਦੀ ਇਸਤਰੀ ਨਾਲ ਵਿਆਹ} [PS]
10. ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇ ਅਤੇ ਤੁਸੀਂ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਆਓ,
11. ਤਦ ਜੇਕਰ ਤੂੰ ਉਹਨਾਂ ਬੰਦੀਆਂ ਵਿੱਚ ਕੋਈ ਸੋਹਣੀ ਇਸਤਰੀ ਵੇਖ ਕੇ ਉਸ ਦੀ ਚਾਹ ਕਰੇਂ ਅਤੇ ਉਸ ਨਾਲ ਵਿਆਹ ਕਰਨਾ ਚਾਹੇਂ,
12. ਤਾਂ ਤੂੰ ਉਸ ਨੂੰ ਆਪਣੇ ਘਰ ਵਿੱਚ ਲੈ ਆਵੀਂ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ,
13. ਅਤੇ ਉਹ ਆਪਣੇ ਬੰਦੀਆਂ ਵਾਲੇ ਕੱਪੜੇ ਲਾਹ ਦੇਵੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ-ਪਿਤਾ ਲਈ ਇੱਕ ਮਹੀਨਾ ਸੋਗ ਕਰਦੀ ਰਹੇ, ਇਸ ਤੋਂ ਬਾਅਦ ਤੂੰ ਉਸ ਦੇ ਕੋਲ ਜਾਵੀਂ, ਅਤੇ ਤੂੰ ਉਸ ਦਾ ਪਤੀ ਅਤੇ ਉਹ ਤੇਰੀ ਪਤਨੀ ਬਣੇ।
14. ਫੇਰ ਜੇਕਰ ਤੂੰ ਉਸ ਦੇ ਨਾਲ ਖੁਸ਼ ਨਾ ਹੋਵੇਂ, ਤਾਂ ਤੂੰ ਉਸ ਨੂੰ ਜਿੱਥੇ ਉਹ ਚਾਹੇ ਜਾਣ ਦੇਵੀਂ ਪਰ ਉਸ ਨੂੰ ਚਾਂਦੀ ਲੈ ਕੇ ਕਦੀ ਨਾ ਵੇਚੀਂ ਅਤੇ ਨਾ ਉਸ ਦੇ ਨਾਲ ਦਾਸੀਆਂ ਵਾਲਾ ਵਰਤਾਉ ਕਰੀਂ, ਕਿਉਂ ਜੋ ਤੂੰ ਉਸ ਦੀ ਪਤ ਲੈ ਲਈ ਹੈ। [PS]
15. {ਪਹਿਲੌਠੇ ਦਾ ਅਧਿਕਾਰ} [PS] ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਪਹਿਲੌਠਾ ਪੁੱਤਰ ਘਿਣਾਉਣੀ ਦਾ ਹੋਵੇ,
16. ਅਤੇ ਫੇਰ ਜਦੋਂ ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡੇ ਤਾਂ ਉਹ ਪਿਆਰੀ ਦੇ ਪੁੱਤਰ ਨੂੰ, ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ।
17. ਪਰ ਉਹ ਪਹਿਲੌਠੇ ਨੂੰ ਜਿਹੜਾ ਘਿਣਾਉਣੀ ਦਾ ਪੁੱਤਰ ਹੈ, ਸਵੀਕਾਰੇ ਅਤੇ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਦੁਗਣਾ ਹਿੱਸਾ ਦੇਵੇ, ਕਿਉਂ ਜੋ ਉਹ ਉਸ ਦੀ ਸ਼ਕਤੀ ਦਾ ਮੁੱਢ ਹੈ, ਪਹਿਲੌਠੇ ਹੋਣ ਦਾ ਹੱਕ ਉਸ ਦਾ ਹੀ ਹੈ। [PS]
18. {ਵਿਦਰੋਹੀ ਪੁੱਤਰ} [PS] ਜੇ ਕਿਸੇ ਮਨੁੱਖ ਦੇ ਕੋਲ ਜ਼ਿੱਦੀ ਅਤੇ ਪੁੱਤਰ ਹੋਵੇ, ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਉਹ ਉਸ ਨੂੰ ਝਿੜਕਣ ਤਾਂ ਵੀ ਉਹ ਉਨ੍ਹਾਂ ਦੀ ਨਾ ਸੁਣੇ,
19. ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਫੜ੍ਹ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ,
20. ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ, “ਸਾਡਾ ਇਹ ਪੁੱਤਰ ਜ਼ਿੱਦੀ ਅਤੇ ਆਕੀ ਹੈ ਅਤੇ ਸਾਡੀ ਗੱਲ ਨਹੀਂ ਸੁਣਦਾ, ਇਹ ਪੇਟੂ ਅਤੇ ਸ਼ਰਾਬੀ ਹੈ।”
21. ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਉੱਤੇ ਅਜਿਹਾ ਪਥਰਾਓ ਕਰਨ ਕਿ ਉਹ ਮਰ ਜਾਵੇ। ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ, ਤਦ ਸਾਰੇ ਇਸਰਾਏਲੀ ਸੁਣ ਕੇ ਡਰਨਗੇ। [PS]
22. {ਹੋਰ ਨਿਯਮ} [PS] ਜੇਕਰ ਕਿਸੇ ਮਨੁੱਖ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ,
23. ਤਾਂ ਤੁਸੀਂ ਸਾਰੀ ਰਾਤ ਉਸ ਦੀ ਲਾਸ਼ ਨੂੰ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ, ਪਰ ਤੁਸੀਂ ਉਹ ਨੂੰ ਉਸੇ ਦਿਨ ਦੱਬ ਦਿਓ, ਕਿਉਂਕਿ ਜਿਹੜਾ ਰੁੱਖ ਉੱਤੇ ਟੰਗਿਆ ਜਾਵੇ, ਉਹ ਪਰਮੇਸ਼ੁਰ ਦੇ ਵੱਲੋਂ ਸਰਾਪੀ ਹੈ। ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ, ਭਰਿਸ਼ਟ ਨਾ ਕਰਿਓ। [PE]