1. ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।
2. ਤੂੰ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਤੇ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਤੋਂ ਜਾਣ ਦੇਵੇ
3. ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ, ਆਪਣੇ ਨਿਸ਼ਾਨਾਂ ਅਤੇ ਅਚਰਜ਼ ਕੰਮਾਂ ਨੂੰ ਮਿਸਰ ਦੇਸ ਵਿੱਚ ਵਧਾਵਾਂਗਾ।
4. ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਤੇ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਂਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ।
5. ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ।
6. ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।
7. ਜਿਸ ਸਮੇਂ ਉਨ੍ਹਾਂ ਦੋਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਮੂਸਾ ਅੱਸੀ ਸਾਲਾਂ ਦਾ ਅਤੇ ਹਾਰੂਨ ਤਰਿਆਸੀ ਸਾਲਾਂ ਦਾ ਸੀ। [PS]
8. {ਹਾਰੂਨ ਦਾ ਢਾਂਗਾ} [PS] ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਇਸ ਤਰ੍ਹਾਂ ਆਖਿਆ,
9. ਜਦ ਫ਼ਿਰਊਨ ਤੁਹਾਡੇ ਨਾਲ ਇਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ਼ ਕੰਮ ਵਿਖਾਓ ਤਦ ਤੂੰ ਹਾਰੂਨ ਨੂੰ ਆਖੀਂ ਕਿ ਤੂੰ ਆਪਣੀ ਲਾਠੀ ਲੈ ਕੇ ਫ਼ਿਰਊਨ ਅੱਗੇ ਸੁੱਟ ਦੇ ਤਾਂ ਜੋ ਉਹ ਇੱਕ ਸਰਾਲ ਹੋ ਜਾਵੇ।
10. ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣੀ ਲਾਠੀ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਸੁੱਟੀ, ਤਦ ਉਹ ਸਰਾਲ ਬਣ ਗਈ।
11. ਫਿਰ ਫ਼ਿਰਊਨ ਨੇ ਵੀ ਸਿਆਣਿਆਂ ਅਤੇ ਮੰਤਰੀਆਂ ਨੂੰ ਸੱਦਿਆ ਤਦ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ।
12. ਉਨ੍ਹਾਂ ਸਭਨਾਂ ਨੇ ਆਪਣੀਆਂ-ਆਪਣੀਆਂ ਲਾਠੀਆਂ ਸੁੱਟੀਆਂ ਅਤੇ ਉਹ ਸਰਾਲਾਂ ਹੋ ਗਈਆਂ ਪਰ ਹਾਰੂਨ ਦੀ ਲਾਠੀ ਉਨ੍ਹਾਂ ਦੀਆਂ ਲਾਠੀਆਂ ਨੂੰ ਨਿਗਲ ਗਈ।
13. ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਗੱਲ ਕੀਤੀ ਸੀ। [PS]
14. {ਮਿਸਰੀਆਂ ਦੇ ਉੱਤੇ ਦਸ ਭਾਰੀਆਂ ਬਿਪਤਾਵਾਂ ਪੈਣ ਦਾ ਵਰਣਨ} [PS] ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਦਾ ਮਨ ਸਖ਼ਤ ਹੋ ਗਿਆ ਹੈ, ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ।
15. ਤੂੰ ਸਵੇਰੇ ਫ਼ਿਰਊਨ ਕੋਲ ਜਾ। ਵੇਖ, ਉਹ ਪਾਣੀ ਵੱਲ ਬਾਹਰ ਜਾਂਦਾ ਹੈ। ਤੂੰ ਨਦੀ ਦੇ ਕੰਢੇ ਉਸ ਦੇ ਮਿਲਣ ਲਈ ਖੜ੍ਹਾ ਹੋ ਜਾਵੀਂ ਅਤੇ ਉਹ ਲਾਠੀ ਜਿਹੜੀ ਸੱਪ ਬਣ ਗਈ ਸੀ, ਆਪਣੇ ਹੱਥ ਵਿੱਚ ਲਵੀਂ
16. ਤੂੰ ਉਹ ਨੂੰ ਆਖੀਂ, ਯਹੋਵਾਹ ਇਬਰਾਨੀਆਂ ਦੇ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਇਹ ਕਹਿ ਕੇ ਭੇਜਿਆ ਹੈ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰੇ ਅਤੇ ਵੇਖ, ਹੁਣ ਤੱਕ ਤੂੰ ਮੇਰੀ ਨਹੀਂ ਸੁਣੀ।
17. ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਇਸ ਤੋਂ ਜਾਣੇਂਗਾ ਕਿ ਮੈਂ ਯਹੋਵਾਹ ਹਾਂ, ਵੇਖ, ਮੈਂ ਇਹ ਲਾਠੀ ਜਿਹੜੀ ਮੇਰੇ ਹੱਥ ਵਿੱਚ ਹੈ, ਪਾਣੀਆਂ ਉੱਤੇ ਜਿਹੜੇ ਨਦੀ ਵਿੱਚ ਹਨ, ਮਾਰਾਂਗਾ ਅਤੇ ਉਹ ਲਹੂ ਹੋ ਜਾਣਗੇ।
18. ਮੱਛੀਆਂ ਜਿਹੜੀਆਂ ਨਦੀ ਵਿੱਚ ਹਨ, ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਨਦੀ ਦੇ ਪਾਣੀ ਨੂੰ ਪੀਣ ਤੋਂ ਨਫ਼ਰਤ ਕਰਨਗੇ।
19. ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ ਆਪਣੀ ਲਾਠੀ ਲਵੇ ਅਤੇ ਆਪਣੇ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਤ ਉਨ੍ਹਾਂ ਦੀਆਂ ਨਹਿਰਾਂ ਉੱਤੇ, ਉਨ੍ਹਾਂ ਦੇ ਦਰਿਆਵਾਂ ਉੱਤੇ, ਉਨ੍ਹਾਂ ਦੇ ਤਲਾਬਾਂ ਉੱਤੇ ਅਤੇ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਭੰਡਾਰਾਂ ਉੱਤੇ ਪਸਾਰੇ ਤਾਂ ਜੋ ਉਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ ਵਿੱਚ ਲੱਕੜੀ ਅਤੇ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਵੇਗਾ।
20. ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਾਂ ਉਸ ਨੇ ਲਾਠੀ ਉਤਾਹਾਂ ਚੁੱਕ ਕੇ ਫ਼ਿਰਊਨ ਦੀਆਂ ਅੱਖਾਂ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੀਆਂ ਅੱਖਾਂ ਦੇ ਅੱਗੇ ਨਦੀ ਦੇ ਪਾਣੀਆਂ ਉੱਤੇ ਮਾਰੀ, ਤਾਂ ਸਾਰੇ ਪਾਣੀ ਜਿਹੜੇ ਨਦੀ ਵਿੱਚ ਸਨ ਲਹੂ ਬਣ ਗਏ।
21. ਮੱਛੀਆਂ ਜਿਹੜੀਆਂ ਨਦੀ ਵਿੱਚ ਸਨ, ਮਰ ਗਈਆਂ ਅਤੇ ਦਰਿਆ ਤੋਂ ਬਦਬੂ ਆਈ ਅਤੇ ਮਿਸਰੀ ਦਰਿਆ ਦਾ ਪਾਣੀ ਪੀ ਨਹੀਂ ਸਕਦੇ ਸਨ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਲਹੂ ਹੋ ਗਿਆ।
22. ਤਦ ਮਿਸਰ ਦੇ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਨੇ ਉਨ੍ਹਾਂ ਦੀ ਨਾ ਸੁਣੀ, ਜਿਵੇਂ ਯਹੋਵਾਹ ਨੇ ਆਖਿਆ ਸੀ।
23. ਤਦ ਫ਼ਿਰਊਨ ਮੁੜ ਕੇ ਆਪਣੇ ਮਹਿਲ ਚਲਾ ਗਿਆ ਅਤੇ ਇਸ ਗੱਲ ਉੱਤੇ ਵੀ ਆਪਣਾ ਮਨ ਨਾ ਲਾਇਆ।
24. ਤਦ ਸਾਰੇ ਮਿਸਰੀ ਨਦੀ ਦੇ ਆਲੇ-ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂ ਜੋ ਉਹ ਨਦੀ ਦਾ ਪਾਣੀ ਨਾ ਪੀ ਸਕੇ
25. ਸੱਤ ਦਿਨ ਪੂਰੇ ਹੋਏ, ਉਸ ਦੇ ਬਾਅਦ ਯਹੋਵਾਹ ਨੇ ਨਦੀ ਨੂੰ ਮਾਰਿਆ। [PE]