1. ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ ਅਤੇ ਉਹ ਦੇ ਚੇਲੇ ਭੁੱਖੇ ਹੋਕੇ ਸਿੱਟੇ ਤੋਂੜ ਤੋਂੜ ਚੱਬਣ ਲੱਗੇ
2. ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ
3. ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸਾਂ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ?
4. ਜੋ ਉਹ ਕਿੱਕੁਰ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਨੂੰ ਖਾਣੀਆਂ ਜੋਗ ਨਹੀਂ ਸਨ ਪਰ ਨਿਰੇ ਜਾਜਕਾਂ ਨੂੰ?
5. ਯਾ ਤੁਸਾਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਭਈ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ?
6. ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਐਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ
7. ਪਰ ਜੇ ਤੁਸੀਂ ਇਹ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ ਤਾਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ
8. ਕਿਉਂ ਜੋ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਮਾਲਕ ਹੈ।।
9. ਤਾਂ ਉੱਥੋਂ ਤੁਰ ਕੇ ਉਹ ਉਨ੍ਹਾਂ ਦੀ ਸਮਾਜ ਵਿੱਚ ਗਿਆ
10. ਅਤੇ ਵੇਖੋ ਇੱਕ ਮਨੁੱਖ ਸੀ ਜਿਹ ਦਾ ਹੱਥ ਸੁੱਕਾ ਹੋਇਆ ਸੀ ਅਰ ਉਨ੍ਹਾਂ ਨੇ ਉਹ ਦੇ ਜੁਮੇ ਦੋਸ਼ ਲਾਉਣ ਲਈ ਇਹ ਕਹਿ ਕੇ ਉਸ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਕਰਨਾ ਜੋਗ ਹੈ?
11. ਉਹ ਨੇ ਉਨ੍ਹਾਂ ਨੂੰ ਕਿਹਾ ਭਈ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ?
12. ਸੋ ਮਨੁੱਖ ਭੇਡ ਨਾਲੋਂ ਕਿੰਨਾ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ
13. ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਲੰਮਾ ਕਰ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਏ ਵਰਗਾ ਫੇਰ ਚੰਗਾ ਹੋ ਗਿਆ
14. ਤਦ ਫਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਮਤਾ ਕੀਤਾ ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ
15. ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਲੱਗ ਤੁਰੇ ਅਰ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ
16. ਅਤੇ ਉਨ੍ਹਾਂ ਨੇ ਤਗੀਦ ਕੀਤੀ ਜੋ ਮੈਨੂੰ ਉਜਾਗਰ ਨਾ ਕਰਨਾ
17. ਤਾਂ ਜੋ ਉਹ ਵਾਕ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ:
18. ਵੇਖੋ ਮੇਰਾ ਸੇਵਕ ਜਿਹ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਿੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ।
19. ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਂਕਾ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ।
20. ਉਹ ਲਿਤਾੜੇ ਹੋਏ ਕਾਨੇ ਨੂੰ ਨਾ ਤੋੜੇਗਾ ਨਾ ਧੁਖਦੀ ਹੋਈ ਸਣ ਨੂੰ ਬੁਝਾਵੇਗਾ, ਜਦ ਤੀਕ ਨਿਆਉਂ ਦੀ ਫਤਹ ਨਾ ਕਰਾ ਦੇਵੇ,
21. ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।।
22. ਤਦ ਲੋਕ ਇੱਕ ਅੰਨ੍ਹਾਂ ਗੁੰਗਾ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ
23. ਅਤੇ ਸਾਰੇ ਲੋਕ ਅਚਰਜ ਹੋਕੇ ਬੋਲੇ, ਭਲਾ, ਇਹੋ ਦਾਊਦ ਦਾ ਪੁੱਤ੍ਰ ਨਹੀਂ ਹੈ?
24. ਪਰ ਫ਼ਰੀਸੀਆਂ ਨੇ ਸੁਣ ਕੇ ਕਿਹਾ ਜੋ ਇਹ ਭੂਤਾਂ ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਬਿਨਾ ਭੂਤਾਂ ਨੂੰ ਨਹੀਂ ਕੱਢਦਾ
25. ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ ਉਨ੍ਹਾਂ ਨੂੰ ਆਖਿਆ ਭਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ
26. ਅਤੇ ਜੇ ਸ਼ਤਾਨ ਹੀ ਸ਼ਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿੱਕੁਰ ਕਾਇਮ ਰਹੇ?
27. ਅਰ ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ ਕਿਹ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਉਂ ਕਰਨ ਵਾਲੇ ਉਹੋ ਹੋਣਗੇ
28. ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ
29. ਅਥਵਾ ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਕਿੱਕੁਰ ਲੁੱਟ ਸੱਕਦਾ ਹੈ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ? ਤਾਂ ਉਹ ਦਾ ਘਰ ਲੁੱਟੇਗਾ
30. ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ
31. ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫ਼ਰ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ ਪਰ ਉਹ ਕੁਫ਼ਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ਼ ਨਹੀਂ ਕੀਤਾ ਜਾਵੇਗਾ
32. ਅਤੇ ਜੋ ਕੋਈ ਮਨੁੱਖ ਦੇ ਪੁੱਤ੍ਰ ਦੇ ਵਿਰੁੱਧ ਗੱਲ ਕਰੇ ਉਹ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਜੁਗ ਵਿੱਚ ਨਾ ਆਉਣ ਵਾਲੇ ਜੁਗ ਵਿੱਚ ਮਾਫ਼ ਕੀਤਾ ਜਾਵੇਗਾ
33. ਬਿਰਛ ਨੂੰ ਚੰਗਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਚੰਗਾ ਯਾ ਬਿਰਛ ਨੂੰ ਮਾੜਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਮਾੜਾ, ਕਿਉਂ ਜੋ ਬਿਰਛ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ
34. ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਿੱਕੁਰ ਕਰ ਸੱਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ
35. ਭਲਾ ਮਨੁੱਖ ਭਲੇ ਖ਼ਜਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ
36. ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ
37. ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।।
38. ਤਦ ਕਿੰਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਅੱਗੋਂ ਆਖਿਆ, ਗੁਰੂ ਜੀ ਅਸੀਂ ਤੈਥੋਂ ਕੋਈ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ
39. ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾਹ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਨ੍ਹਾਂ ਨੂੰ ਦਿੱਤੀ ਨਾ ਜਾਵੇਗੀ
40. ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ
41. ਨੀਨਵਾਹ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਐਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ
42. ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦੇ ਗਿਆਨ ਸੁਣਨ ਆਈ ਅਤੇ ਵੇਖੋ ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ
43. ਪਰ ਜਾਂ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਭਾਲਦਾ ਫਿਰਦਾ ਹੈ ਪਰ ਨਹੀਂ ਲੱਭਦਾ
44. ਤਦ ਉਹ ਆਖਦਾ ਹੈ ਭਈ ਮੈਂ ਆਪਣੇ ਘਰ ਜਿੱਥੋਂ ਨਿੱਕਲਿਆ ਸਾਂ ਮੁੜ ਜਾਵਾਂਗਾ ਅਤੇ ਆਣ ਕੇ ਉਹ ਨੂੰ ਵੇਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ
45. ਤਦ ਉਹ ਜਾਕੇ ਹੋਰ ਸੱਤ ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਓਹ ਅੰਦਰ ਵੜ ਕੇ ਉੱਥੇ ਵੱਸਦੇ ਹਨ। ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ।।
46. ਉਹ ਅਜੇ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਕਿ ਵੇਖੋ ਉਹ ਦੀ ਮਾਤਾ ਅਤੇ ਭਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ
47. ਤਦ ਕਿਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ
48. ਪਰ ਉਹ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਭਰਾ?
49. ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ
50. ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।।