1. ਸੰਘ ਅੱਡ ਕੇ ਪੁਕਾਰ, ਸਰਫਾ ਨਾ ਕਰ, ਤੁਰੀ ਵਾਂਙੁ ਆਪਣੀ ਅਵਾਜ਼ ਉੱਚੀ ਕਰ! ਮੇਰੀ ਪਰਜਾ ਲਈ ਓਹਨਾਂ ਦੇ ਅਪਰਾਧ, ਅਤੇ ਯਾਕੂਬ ਦੇ ਘਰਾਣੇ ਲਈ ਓਹਨਾਂ ਦੇ ਪਾਪ ਦੱਸ!
2. ਓਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ, ਅਤੇ ਮੇਰੇ ਰਾਹ ਸਿਆਨਣ ਵਿੱਚ ਖੁਸ਼ ਹੁੰਦੇ ਹਨ, ਇੱਕ ਕੌਮ ਵਾਂਙੁ ਜਿਹ ਨੇ ਧਰਮ ਕਮਾਇਆ, ਅਤੇ ਆਪਣੇ ਪਰਮੇਸ਼ੁਰ ਦੇ ਹੁਕਮ-ਨਾਮੇ ਨੂੰ ਨਹੀਂ ਤਿਆਗਿਆ, ਓਹ ਧਰਮ ਦੇ ਨਿਆਉਂ ਮੈਥੋਂ ਪੁੱਛਦੇ ਹਨ, ਓਹ ਪਰਮੇਸ਼ੁਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ।।
3. ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ? ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ? ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ, ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ।
4. ਵੇਖੋ, ਤੁਸੀਂ ਝਗੜੇ ਰਗੜੇ ਲਈ, ਅਤੇ ਬੁਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ, ਅੱਜ ਜਿਹੇ ਵਰਤ ਰੱਖਣ ਨਾਲ, ਤੁਸੀਂ ਆਪਣੀ ਅਵਾਜ਼ ਉੱਚਿਆਈ ਤੋਂ ਨਹੀਂ ਸੁਣਾਓਗੇ।
5. ਭਲਾ, ਏਹ ਇਹੋ ਜਿਹਾ ਵਰਤ ਹੈ ਜਿਹ ਨੂੰ ਮੈਂ ਚੁਣਾਂ, ਇੱਕ ਦਿਨ ਜਿਹ ਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁਖ ਦੇਵੇ? ਭਲਾ, ਉਹ ਕਾਨੇ ਵਾਂਙੁ ਆਪਣਾ ਸਿਰ ਝੁਕਾਵੇ, ਅਤੇ ਤੱਪੜ ਅਤੇ ਸੁਆਹ ਵਿਛਾਵੇਂ? ਭਲਾ, ਤੂੰ ਇਹ ਨੂੰ ਵਰਤ ਆਖੇਂਗਾ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ?
6. ਜਿਹੜਾ ਵਰਤ ਮੈਂ ਚੁਣਿਆ ਕੀ ਏਹ ਨਹੀਂ ਹੈ, ਭਈ ਤੁਸੀਂ ਬਦੀ ਦੇ ਬੰਧਨਾ ਨੂੰ ਖੋਲ੍ਹੋ, ਅਤੇ ਜੂਲੇ ਦੇ ਬੰਦਾਂ ਨੂੰ ਤੋੜੋ? ਦਬੈਲਾਂ ਨੂੰ ਛੁਡਾਓ ਅਰ ਹਰ ਜੂਲੇ ਨੂੰ ਭੰਨ ਸੁੱਟੋ?
7. ਕੀ ਏਹ ਨਹੀਂ ਭਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ ਘਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਨੰਗੇ ਨੂੰ ਵੇਖੋ ਤਾਂ ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?
8. ਫੇਰ ਤੇਰਾ ਚਾਨਣ ਫ਼ਜਰ ਵਾਂਙੁ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਉੱਘੜ ਪਵੇਗੀ। ਤੇਰਾ ਧਰਮ ਤੇਰੇ ਅੱਗੇ ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖਾ ਹੋਵੇਗਾ।
9. ਤਦ ਤੂੰ ਪੁਕਾਰੇਂਗਾ ਅਤੇ ਯਹੋਵਾਹ ਉੱਤਰ ਦੇਵੇਗਾ, ਤਦ ਤੂੰ ਦੁਹਾਈ ਦੇਵੇਂਗਾ ਅਤੇ ਉਹ ਆਖੇਗਾ, ਮੈਂ ਹੈਗਾ। ਜੇ ਤੂੰ ਆਪਣੇ ਵਿਚਕਾਰੋਂ ਜੂਲਾ ਦੂਰ ਕਰੇਂ, ਨਾਲੇ ਉਂਗਲ ਦੀ ਸੈਨਤ ਅਤੇ ਦੁਰਬਚਨ ਨੂੰ,
10. ਜੇ ਤੂੰ ਭੁੱਖੇ ਲਈ ਆਪਣੀ ਜਾਨ ਡੋਹਲੇਂ, ਅਤੇ ਮਸਕੀਨ ਦੀ ਜਾਨ ਨੂੰ ਰਜਾਵੇਂ, ਤਾਂ ਤੇਰਾ ਚਾਨਣ ਅੰਨ੍ਹੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਅਨ੍ਹੇਰੇ ਦੁਪਹਿਰ ਵਾਂਙੁ ਹੋਵੇਗਾ।
11. ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਹਾਹ ਦਾ ਪਾਣੀ ਮੁੱਕਦਾ ਨਹੀਂ।
12. ਤੇਰੇ ਵਿੱਚੋਂ ਦੇ ਪਰਾਚੀਨ ਥੇਹਾਂ ਨੂੰ ਉਸਾਰਨਗੇ, ਤੂੰ ਬਹੁਤੀਆਂ ਪੀੜ੍ਹੀਆਂ ਦੀਆਂ ਨੀਹਾਂ ਉਠਾਵੇਂਗਾ, ਅਤੇ ਤੂੰ ਤੇੜ ਦਾ ਮਰੰਮਤ ਕਰਨ ਵਾਲਾ, ਵਸੇਬਿਆਂ ਦੇ ਰਾਹਾਂ ਦਾ ਸੁਧਾਰਕ ਅਖਵਾਏਂਗਾ।।
13. ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤ੍ਰ ਦਿਨ ਵਿੱਚ ਆਪਣੀ ਭਾਉਣੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਨੂੰ ਉੱਤਮ, ਅਤੇ ਯਹੋਵਾਹ ਦਾ ਪਵਿੱਤ੍ਰ ਦਿਨ ਆਦਰਵੰਤ ਆਖੇਂ, ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਭਾਉਣੀ ਨੂੰ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ,
14. ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ, ਕਿਉਂ ਜੋ ਏਹ ਯਹੋਵਾਹ ਦਾ ਮੁਖ ਵਾਕ ਹੈ।।