1. ਏਹ ਵੀ ਸੁਲੇਮਾਨ ਦੀਆਂ ਕਹਾਉਂਤਾ ਹਨ, ਜਿਨ੍ਹਾਂ ਦੀ ਯਹੋਵਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਆਦਮੀਆਂ ਨੇ ਨਕਲ ਕੀਤੀ, -
2. ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਪਾਤਸ਼ਾਹਾਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3. ਅਕਾਸ਼ ਦੀ ਉਚਿਆਈ, ਧਰਤੀ ਦੀ ਡੁੰਘਿਆਈ, ਅਤੇ ਪਾਤਸ਼ਾਹਾਂ ਦਾ ਮਨ ਅਗੋਚਰ ਹਨ।
4. ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।
5. ਪਾਤਸ਼ਾਹ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇਗੀ।
6. ਪਾਤਸ਼ਾਹ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਨਾ ਖਲੋ,
7. ਕਿਉਂ ਜੋ ਉਸ ਪਤਵੰਤ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ ਭਈ ਤੈਨੂੰ ਆਖਿਆ ਜਾਵੇ, ਐਧਰ ਉਤਾਹਾਂ ਆ ਜਾਹ, ਜਿਵੇਂ ਤੇਰੀਆਂ ਅੱਖੀਆਂ ਨੇ ਵੇਖਿਆ ਹੈ।
8. ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ, ਓੜਕ ਜਾਂ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਿਆਂ ਕਰੇ ਤਾਂ ਤੂੰ ਕੀ ਕਰੇਂਗਾॽ
9. ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ ਗੱਲ ਬਾਤ ਕਰ, ਅਤੇ ਏਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ,
10. ਮਤੇ ਸੁਣਨ ਵਾਲਾ ਤੈਨੂੰ ਬੁਰਾ ਭਲਾ ਕਹੇ, ਅਤੇ ਤੇਰਾ ਅਪਜਸ ਨਾ ਮਿਟੇ।
11. ਟਿਕਾਣੇ ਸਿਰ ਆਖੇ ਹੋਏ ਬਚਨ, ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12. ਬੁੱਧਵਾਨ ਦੀ ਤਾੜ ਸੁਣਨ ਵਾਲੇ ਦੇ ਕੰਨ ਦੇ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13. ਜਿਵੇਂ ਵਾਢੀ ਦੇ ਦਿਨੀਂ ਬਰਫ਼ ਦੀ ਠੰਡ ਹੁੰਦੀ ਹੈ, ਓਵੇਂ ਹੀ ਮਾਤਬਰ ਸਨੇਹੀਆਂ ਆਪਣੇ ਘੱਲਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀ ਠੰਡਾ ਕਰਦਾ ਹੈ।
14. ਜਿਹੜਾ ਦਾਨ ਦਿੱਤਿਆਂ ਬਿਨਾ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਹ ਦੇ ਵਿੱਚ ਵਰਖਾ ਨਾ ਹੋਵੇ।
15. ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।
16. ਜੇ ਤੈਨੂੰ ਸ਼ਹਿਤ ਲੱਭਾ ਹੈ ਤਾਂ ਜਿੰਨਾ ਤੈਨੂੰ ਲੋੜੀਦਾ ਹੈ ਓੱਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ।
17. ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀਂ ਪਰ ਸੰਗੁੱਚ ਕੇ, ਅਜਿਹਾ ਨਾ ਹੋਵੇ ਭਈ ਉਹ ਅੱਕ ਕੇ ਤੈਥੋਂ ਕਰਾਹਤ ਕਰੇ।
18. ਜਿਹੜਾ ਆਪੇ ਗੁਆਂਢੀ ਦੇ ਉੱਤੇ ਝੂਠੀ ਗਵਾਹੀ ਦਿੰਦਾ ਹੈ, ਉਹ ਗੁਰਜ ਅਤੇ ਤਲਵਾਰ ਅਤੇ ਤਿੱਖਾ ਬਾਣ ਹੈ।
19. ਬਿਪਤਾ ਦੇ ਵੇਲੇ ਬੇਵਿਸਾਹੇ ਮਨੁੱਖ ਦਾ ਵਿਸਾਹ ਕਰਨਾ ਖਰਾਬ ਦੰਦ ਅਤੇ ਮੋਚੇ ਹੋਏ ਪੈਰ ਵਰਗਾ ਹੈ।
20. ਕਿਸੇ ਸੋਗੀ ਦੇ ਅੱਗੇ ਰਾਗ ਗਾਉਣਾ, ਸਿਆਲ ਵਿੱਚ ਕੱਪੜਾ ਲਾਹੁਣ, ਅਤੇ ਸੱਜੀ ਉੱਤੇ ਸਿਰਕਾ ਪਾਉਣ ਵਰਗਾ ਹੈ।
21. ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ,
22. ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।
23. ਉੱਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਾਰਾਜ਼ ਝਾਕੀਆ।
24. ਝਗੜਾਲੂ ਤੀਵੀਂ ਨਾਲ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਵੱਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ।
25. ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਇਆ ਹੋਇਆ ਚੰਗਾ ਸਮਾਚਾਰ ਹੈ।
26. ਧਰਮੀ ਪੁਰਸ਼ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੁੰਬ ਅਤੇ ਪਲੀਤ ਸੋਤੇ ਵਰਗਾ ਹੈ।
27. ਬਾਹਲਾ ਸ਼ਹਿਤ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉਚਿਤ ਨਹੀਂ।
28. ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।।