1. ਤਾਂ ਐਉਂ ਹੋਇਆ ਅਹਸ਼ਵੇਰੋਸ਼ ਦੇ ਦਿਨਾਂ ਵਿੱਚ (ਇਹ ਉਹ ਅਹਸ਼ਵੇਰੋਸ਼ ਹੈ ਜਿਹੜਾ ਹਿੰਦ ਤੋਂ ਕੂਸ਼ ਤੀਕ ਇੱਕ ਸੋ ਸਤਾਈ ਸੂਬਿਆਂ ਤੇ ਪਾਤਸ਼ਾਹੀ ਕਰਦਾ ਸੀ)
2. ਕੀ ਉਨ੍ਹਾਂ ਦਿਨਾਂ ਵਿੱਚ ਜਦੋਂ ਅਹਸ਼ਵੇਰੋਸ਼ ਪਾਤਸ਼ਾਹ ਆਪਣੀ ਰਾਜ ਗਦੀ ਉੱਤੇ ਬੈਠਾ ਜਿਹੜੀ ਸ਼ੂਸ਼ਨ ਦੇ ਮਹਿਲ ਵਿੱਚ ਸੀ
3. ਤਾਂ ਉਸ ਨੇ ਆਪਣੇ ਰਾਜ ਦੇ ਤੀਸਰੇ ਵਰ੍ਹੇ ਆਪਣਿਆਂ ਸਾਰਿਆਂ ਸਰਦਾਰਾਂ ਅਤੇ ਟਹਿਲੂਆਂ ਅਤੇ ਫਾਰਸ ਅਰ ਮਾਦਾ ਦਿਆਂ ਸੈਨਾਪਤੀਆਂ ਦੀ ਅਤੇ ਸੂਬਿਆਂ ਦੇ ਸ਼ਹਿਜ਼ਾਦਿਆਂ ਅਤੇ ਸਰਦਾਰਾਂ ਦੀ ਜਿਹੜੇ ਉਹ ਦੇ ਅੱਗੇ ਹਾਜ਼ਰ ਰਹਿੰਦੇ ਸਨ ਦਾਉਤ ਕੀਤੀ
4. ਉਸ ਨੇ ਬਹੁਤ ਦਿਨ ਅਰਥਾਤ ਇੱਕ ਸੌ ਅੱਸੀ ਦਿਨਾਂ ਤੱਕ ਆਪਣੀ ਪਰਤਾਪਵਾਲੀ ਪਾਤਸ਼ਾਹਤ ਦਾ ਧਨ ਅਤੇ ਆਪਣੀ ਵਡਿਆਈ ਦੇ ਬਹੁਮੁੱਲੇ ਪਦਾਰਥ ਉਨ੍ਹਾਂ ਨੂੰ ਵਿਖਾਏ
5. ਜਦ ਏਹ ਦਿਨ ਬੀਤ ਗਏ ਤਾਂ ਪਾਤਸ਼ਾਹ ਨੇ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਪਾਏ ਗਏ ਕੀ ਵੱਡਾ ਕੀ ਛੋਟਾ ਸੱਤ ਦਿਨ ਤੀਕ ਪਾਤਸ਼ਾਹ ਦੇ ਮਹਿਲ ਦੇ ਬਾਗ ਦੇ ਵੇਹੜੇ ਵਿੱਚ ਦਾਉਤ ਕੀਤੀ
6. ਉੱਥੇ ਚਿੱਟੇ ਅਰ ਨੀਲੇ ਰੰਗ ਦੇ ਕਤਾਨੀ ਪੜਦੇ ਚਾਂਦੀ ਦੇ ਛਲਿਆਂ ਨਾਲ ਕਤਾਨੀ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਸੰਗ ਮਰਮਰ ਦੇ ਥੰਮਾਂ ਨਾਲ ਬੰਨ੍ਹੇ ਹੋਏ ਸਨ ਅਤੇ ਚੌਕੀਆ ਸੋਨੇ ਅਤੇ ਚਾਂਦੀ ਦੀਆਂ ਲਾਲ ਅਰ ਚਿੱਟੇ ਅਰ ਪੀਲੇ ਅਤੇ ਕਾਲੇ ਸੰਗ ਮਰਮਰ ਦੇ ਫਰਸ਼ ਉੱਤੇ ਸਨ
7. ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸੋਨੇ ਦੇ ਨਾਨਾ ਪਰਕਾਰ ਦਿਆਂ ਭਾਂਡਿਆ ਵਿੱਚ ਪਾਤਸ਼ਾਹੀ ਮੈ ਪਾਤਸ਼ਾਹ ਸੀ ਸਖਾਉਤ ਅਨੁਸਾਰ ਢੇਰ ਸਾਰੀ ਪੀਣ ਨੂੰ ਦਿੱਤੀ
8. ਮੈ ਦਾ ਪੀਣਾ ਦਸਤੂਰ ਦੇ ਅਨੁਸਾਰ ਸੀ, ਕੋਈ ਕਿਸੇ ਨੂੰ ਬਦੋ ਬਦੀ ਨਾ ਪਿਆ ਸੱਕਦਾ ਸੀ ਕਿਉਂਕਿ ਪਾਤਸ਼ਾਹ ਨੇ ਆਪਣੇ ਮਹਿਲ ਦੇ ਸਾਰੇ ਹੁਦੇਦਾਰਾਂ ਨੂੰ ਤਾਕੀਦ ਕੀਤੀ ਹੋਈ ਸੀ ਕਿ ਹਰ ਮਨੁੱਖ ਦੀ ਮਰਜੀ ਦੇ ਅਨੁਸਾਰ ਕੀਤਾ ਹੋਈ ਸੀ ਕਿ ਹਰ ਮਨੁੱਖ ਜਾਵੇ।।
9. ਮਲਕਾ ਵਸ਼ਤੀ ਨੇ ਵੀ ਸ਼ਾਹੀ ਮਹਿਲ ਵਿੱਚ ਜਿਹੜਾ ਅਹਸ਼ਵੇਰੋਸ਼ ਪਾਤਸ਼ਾਹ ਦਾ ਸੀ ਇਸਤ੍ਰੀਆਂ ਲਈ ਦਾਉਤ ਕੀਤੀ
10. ਸੱਤਵੇਂ ਦਿਨ ਜਦੋਂ ਪਾਤਸ਼ਾਹ ਦਾ ਦਿਲ ਮੈਂ ਵਿੱਚ ਮਗਨ ਸੀ ਉਸ ਨੇ ਮਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜੇਥਰ ਅਤੇ ਕਰਕਸ ਸੱਤਾਂ ਖੁਸਰਿਆਂ ਨੂੰ ਜਿਹੜੇ ਅਹਸ਼ਵੇਰੋਸ਼ ਪਾਤਸ਼ਾਹ ਦੇ ਸਨਮੁਖ ਸੇਵਾ ਕਰਦੇ ਸਨ ਹੁਕਮ ਦਿੱਤਾ
11. ਕਿ ਵਸ਼ਤੀ ਮਲਕਾ ਨੂੰ ਸ਼ਾਹੀ ਮੁਕਟ ਨਾਲ ਪਾਤਸ਼ਾਹ ਦੇ ਸਨਮੁਖ ਲਿਆਉਣ ਤਾਂ ਜੋ ਉਹ ਦਾ ਸੁਹੱਪਣ ਲੋਕਾਂ ਨੂੰ ਅਤੇ ਸਰਦਾਰਾਂ ਨੂੰ ਵਿਖਾਵੇ ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ
12. ਪਰ ਮਲਕਾਂ ਵਸ਼ਤੀ ਨੇ ਪਾਤਸ਼ਾਹ ਦੇ ਹੁਕਮ ਨਾਲ ਆਉਣ ਤੋਂ ਇਨਕਾਰ ਕੀਤਾ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਸੀ, ਏਸ ਲਈ ਪਾਤਸ਼ਾਹ ਬਹੁਤ ਗੁੱਸੇ ਹੋਇਆ ਅਤੇ ਉਹ ਦਾ ਕ੍ਰੋਧ ਉਹ ਦੇ ਵਿੱਚ ਬਲ ਉੱਠਿਆ।।
13. ਤਦ ਪਾਤਸ਼ਾਹ ਨੇ ਬੁੱਧਵਾਨਾਂ ਨੂੰ ਆਖਿਆ ਜਿਹੜੇ ਸਮਿਆਂ ਦੇ ਦੇ ਸਿਆਣੂ ਸਨ- ਕਿਉਂਕਿ ਪਾਤਸ਼ਾਹ ਦੀ ਨੀਤੀ ਸਾਰੇ ਕਨੂਨ ਅਤੇ ਨਿਆਉਂ ਦੇ ਜਾਣਨ ਵਾਲਿਆ ਲਈ ਅਜੇਹੀ ਹੀ ਸੀ
14. ਪਾਤਸ਼ਾਹ ਦੇ ਨੇੜੇ ਰਹਿਣ ਵਾਲੇ ਫਾਰਸ ਅਤੇ ਮਾਦਾ ਦੇ ਸੱਤ ਸਰਦਾਰ ਸਨ ਅਰਥਾਤ ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ, ਮਰਸਨਾ, ਅਤੇ ਮਮੂਕਾਨ ਏਹ ਪਾਤਸ਼ਾਹ ਦਾ ਮੂੰਹ ਵੇਖਦੇ ਸਨ ਅਤੇ ਪਾਤਸ਼ਾਹੀ ਵਿੱਚ ਪਹਿਲੇ ਦਰਜੇ ਉੱਤੇ ਬੈਠਦੇ ਸਨ
15. ਅਸੀਂ ਮਲਕਾ ਵਸ਼ਤੀ ਦੇ ਨਾਲ ਨੀਤੀ ਦੇ ਅਨੁਸਾਰ ਕੀ ਕਰੀਏ? ਕਿਉਂ ਜੋ ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਦਾ ਹੁਕਮ ਜਿਹੜਾ ਖੁਸਰਿਆਂ ਦੇ ਰਾਹੀਂ ਆਇਆ ਸੀ ਨਹੀਂ ਮੰਨਿਆ?
16. ਮਮੂਕਾਨ ਨੇ ਪਾਤਸ਼ਾਹ ਅਤੇ ਸਰਦਾਰਾਂ ਦੇ ਸਨਮੁਖ ਆਖਿਆ ਕਿ ਮਲਕਾ ਵਸ਼ਤੀ ਨੇ ਕੇਵਲ ਪਾਤਸ਼ਾਹ ਦਾ ਹੀ ਨਹੀਂ ਪਰ ਸਾਰੇ ਸਰਦਾਰਾਂ ਅਤੇ ਸਾਰੀ ਪਰਜਾ ਦਾ ਜਿਹੜੀ ਅਹਸ਼ਵੇਰੋਸ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਹੈ ਬੁਰਾ ਕੀਤਾ ਹੈ
17. ਕਿਉਂ ਜੋ ਮਲਕਾ ਦੀ ਇਹ ਕਰਤੂਤ ਸਾਰੀਆਂ ਤੀਵੀਆਂ ਕੋਲ ਜਾਵੇਗੀ ਸੋ ਉਨ੍ਹਾਂ ਦੀ ਨਿਗਾਹ ਵਿੱਚ ਉਨ੍ਹਾਂ ਦੇ ਪਤੀ ਬੇਪਤ ਹੋ ਜਾਣਗੇ ਜਦ ਓਹ ਸੁਣਨਗੀਆਂ ਕਿ ਪਾਤਸ਼ਾਹ ਅਹਸ਼ਵੇਰੋਸ਼ ਨੇ ਵਸ਼ਤੀ ਮਲਕਾ ਨੂੰ ਆਪਣੇ ਸਨਮੁਖ ਲਿਆਉਣ ਦਾ ਹੁਕਮ ਦਿੱਤਾ ਪਰ ਉਹ ਨਾ ਆਈ
18. ਅੱਜ ਦੇ ਦਿਨ ਫਾਰਸ ਅਤੇ ਮਾਦਾ ਦੀਆਂ ਕੁਲ ਸਰਦਾਰਨੀਆਂ ਪਾਤਸ਼ਾਹ ਦੇ ਸਾਰੇ ਸਰਦਾਰਾਂ ਨੂੰ ਜਿਨ੍ਹਾਂ ਨੇ ਮਲਕਾ ਦੀ ਇਹ ਗੱਲ ਸੁਣ ਲਈ ਹੈ ਏਸੇ ਤਰਾਂ ਆਖਣਗੀਆਂ ਤਾਂ ਐਉਂ ਨਿੰਦਿਆ ਅਤੇ ਕ੍ਰੋਧ ਬਹੁਤ ਉਠੇਗਾ
19. ਜੇ ਕਰ ਪਾਤਸ਼ਾਹ ਨੂੰ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਨਿਕਲੇ ਅਤੇ ਉਹ ਫਾਰਸੀਆਂ ਅਤੇ ਸ਼ਾਹੀ ਮਾਦੀਆਂ ਦੇ ਕਾਨੂੰਨਾਂ ਵਿੱਚ ਲਿਖਿਆ ਜਾਵੇ ਤਾਂ ਜੋ ਉਹ ਨਾ ਬਦਲੇ ਕਿ ਅੱਗੇ ਨੂੰ ਵਸਤੀ ਮਲਕਾ ਅਹਸ਼ਵੇਰੋਸ ਪਾਤਸ਼ਾਹ ਦੇ ਸਨਮੁਖ ਕਦੀ ਨਾ ਆਵੇ ਅਤੇ ਪਾਤਸ਼ਾਹ ਉਸ ਦੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ
20. ਜਦ ਪਾਤਸ਼ਾਹ ਦਾ ਹੁਕਮ ਜਿਹੜਾ ਉਹ ਪਰਚਲਤ ਕਰੇਗਾ ਉਸ ਦੀ ਸਾਰੀ ਪਾਤਸ਼ਾਹੀ ਵਿੱਚ ਕਿਉਂ ਜੋ ਉਹ ਵੱਡੀ ਹੈ ਸਾਰੀਆਂ ਇਸਤ੍ਰੀਆਂ ਸੁਣਨਗੀਆਂ ਤਾਂ ਆਪਣੇ ਪਤੀਆਂ ਦਾ ਭਾਵੇਂ ਛੋਟਾ ਭਾਵੇਂ ਵੱਡਾ ਆਦਰ ਕਰਨਗੀਆਂ
21. ਤਾਂ ਇਹ ਗੱਲ ਪਾਤਸ਼ਾਹ ਨੂੰ ਅਤੇ ਸਰਦਾਰਾਂ ਨੂੰ ਚੰਗੀ ਲਗੀ ਤਾਂ ਪਾਤਸ਼ਾਹ ਨੇ ਮਮੂਕਾਨ ਦੇ ਕਹੇ ਅਨੁਸਾਰ ਕੀਤਾ
22. ਤਾਂ ਉਸ ਨੇ ਪਾਤਸ਼ਾਹ ਦੇ ਸਾਰੇ ਸੁਬਿਆਂ ਵਿੱਚ ਸੂਬੇ ਸੂਬੇ ਦੀ ਲਿਖਤ ਅਨੁਸਾਰ ਅਤੇ ਉੱਮਤ ਉੱਮਤ ਦੀ ਬੋਲੀ ਅਨੁਸਾਰ ਪੱਤਰ ਘੱਲੇ ਕਿ ਹਰ ਮਨੁੱਖ ਆਪਣੇ ਘਰ ਉੱਤੇ ਹਕੂਮਤ ਕਰੇ ਅਤੇ ਆਪਣੀ ਉੱਮਤ ਦੀ ਬੋਲੀ ਵਿੱਚ ਇਸ ਦਾ ਪਰਚਾਰ ਕਰੇ।।