1. ਵੇਖ, ਹੇ ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ! ਵੇਖ, ਤੂੰ ਰੂਪਵੰਤ ਹੈਂ, ਤੇਰੀਆਂ ਅੱਖਾਂ ਘੁੰਡ ਦੇ ਹੇਠ ਕਬੂਤਰੀਆਂ ਹਨ, ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਗਿਲਆਦ ਪਹਾੜ ਦੇ ਹੇਠਾਂ ਬੈਠੀਆਂ ਹਨ।
2. ਤੇਰੇ ਦੰਦ ਮੁੰਨੀਆਂ ਹੋਈਆਂ ਭੇਡਾਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਨ੍ਹਾਂ ਸਾਰੀਆਂ ਦੇ ਜੌੜੇ ਹਨ, ਤੇ ਕਮੀ ਉਨ੍ਹਾਂ ਵਿੱਚ ਕੋਈ ਨਹੀਂ।
3. ਤੇਰੇ ਬੁੱਲ੍ਹ ਕਿਰਮਚੀ ਡੋਰੇ ਵਰਗੇ ਹਨ, ਤੇਰਾ ਮੂੰਹ ਸੋਹਣਾ ਹੈ, ਤੇਰੀਆਂ ਖਾਖਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜੇ ਹਨ।
4. ਤੇਰੀ ਗਰਦਨ ਦਾਊਦ ਦੇ ਬੁਰਜ ਵਾਂਙੁ ਹੈ, ਜਿਹੜਾ ਸ਼ਸਤਰ-ਖ਼ਾਨੇ ਲਈ ਬਣਿਆ ਹੈ, ਜਿਹ ਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ, ਓਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ।
5. ਤੇਰੀਆਂ ਦੋਨੋਂ ਛਾਤੀਆਂ ਦੋ ਹਰਨੋਟਿਆਂ ਵਾਂਙੁ, ਹਰਨੀ ਦੇ ਜੌੜੇ ਹਨ, ਜਿਹੜੇ ਸੋਸਨਾਂ ਦੇ ਵਿੱਚ ਚੁਗਦੇ ਹਨ।।
6. ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ ਜਾਣ, ਮੈਂ ਗੰਧਰਸ ਦੇ ਪਹਾੜ ਤੇ ਲੁਬਾਨ ਦੇ ਟਿੱਲੇ ਉੱਤੇ ਚੱਲਾ ਜਾਵਾਂਗਾ।।
7. ਹੇ ਮੇਰੀ ਪ੍ਰੀਤਮਾ, ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਕਜ ਨਹੀਂ।
8. ਹੇ ਮੇਰੀ ਬਨਰੀ, ਲਬਾਨੋਨ ਤੋਂ ਮੇਰੇ ਸੰਗ ਆ, ਲਬਾਨੋਨ ਤੋਂ ਮੇਰੇ ਸੰਗ, ਅਮਾਨਾਹ ਦੀ ਚੋਟੀ ਤੋਂ ਸ਼ਨੀਰ ਤੇ ਹਰਮੋਨ ਦੀ ਚੋਟੀ ਤੋਂ, ਸ਼ੇਰਾਂ ਦਿਆਂ ਘੁਰਨਿਆਂ ਤੋਂ, ਚਿੱਤ੍ਰਿਆਂ ਦੇ ਪਹਾੜਾਂ ਤੋਂ ਚੱਲੀ ਆ।
9. ਹੇ ਮੇਰੀ ਪਿਆਰੀ, ਮੇਰੀ ਬਨਰੀ, ਤੈਂ ਮੇਰਾ ਮਨ ਲੁੱਟ ਲਿਆ, ਆਪਣੀ ਇੱਕ ਨਜ਼ਰ ਨਾਲ ਤੈਂ ਮੇਰਾ ਮਨ ਲੁੱਟ ਲਿਆ, ਆਪਣੀ ਗਰਦਨ ਦੀ ਮਾਲਾ ਦੀ ਇੱਕ ਜੁਗਨੀ ਨਾਲ!
10. ਹੇ ਮੇਰੀ ਪਿਆਰੀ, ਮੇਰੀ ਬਨਰੀ ਤੇਰਾ ਪ੍ਰੇਮ ਕਿੰਨਾ ਸੋਹਣਾ ਹੈ, ਤੇਰਾ ਪ੍ਰੇਮ ਮਧ ਨਾਲੋਂ ਅਤੇ ਤੇਰੇ ਤੇਲਾਂ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ!
11. ਹੇ ਮੇਰੀ ਬਨਰੀ, ਤੇਰੇ ਬੁੱਲ੍ਹਾਂ ਤੋਂ ਸ਼ਹਿਤ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਤ ਤੇ ਦੁੱਧ ਹੈ, ਅਤੇ ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਙੁ ਹੈ।
12. ਮੇਰੀ ਪਿਆਰੀ, ਮੇਰੀ ਬਨਰੀ ਇੱਕ ਬੰਦ ਕੀਤੀ ਹੋਈ ਬਾੜੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ।
13. ਤੇਰੀਆਂ ਟਹਿਣੀਆਂ ਅਨਾਰਾਂ ਦਾ ਬਾਗ਼ ਹਨ, ਮਿੱਠੇ ਫਲਾਂ ਨਾਲ, ਮਹਿੰਦੀ ਤੇ ਜਟਾ ਮਾਸੀ,
14. ਜਟਾਮਾਸੀ ਅਤੇ ਕੇਸਰ, ਬੇਦ ਮੁਸ਼ਕ ਅਤੇ ਦਾਲ ਚੀਨੀ, ਲੁਬਾਨ ਦੇ ਸਾਰੇ ਬਿਰਛਾਂ ਨਾਲ, ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲਿਆਂ ਨਾਲ।
15. ਤੂੰ ਬਾਗ਼ਾਂ ਦਾ ਇੱਕ ਸੋਤਾ, ਅੰਮ੍ਰਿਤ ਜਲ ਦਾ ਇੱਕ ਖੂਹ, ਅਤੇ ਲਬਾਨੋਨ ਤੋਂ ਵਗਦੀਆਂ ਹੋਈਆਂ ਨਦੀਆਂ ਹੈਂ।।
16. ਹੇ ਉੱਤਰ ਦੀਏ ਪੌਣੇ, ਜਾਗ! ਹੇ ਦੱਖਣ ਦੀਏ ਪੌਣੇ, ਆ, ਮੇਰੇ ਬਾਗ਼ ਉੱਤੇ ਵਗ ਕਿ ਏਹ ਦੀ ਖੁਸ਼ਬੂ ਫੈਲੇ। ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ, ਤੇ ਆਪਣੇ ਮਿੱਠੇ ਫਲ ਖਾਵੇ।।