1. ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ! ਧਰਤੀ ਅਰ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੋ!
2. ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਲਾਲ ਪੀਲਾ ਹੋਇਆ ਹੈ, ਉਹ ਓਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭਖਿਆ ਹੋਇਆ ਹੈ, ਉਹ ਓਹਨਾਂ ਨੂੰ ਅਰਪਣ ਕਰ ਦਿੱਤਾ, ਉਸ ਓਹਨਾਂ ਨੂੰ ਵੱਢੇ ਜਾਣ ਲਈ ਦੇ ਦਿੱਤਾ ਹੈ।
3. ਓਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਓਹਨਾਂ ਦੀਆਂ ਲੋਥਾਂ ਤੋਂ ਸੜਿਆਂਧ ਉੱਠੇਗੀ, ਅਤੇ ਪਹਾੜ ਓਹਨਾਂ ਦੇ ਲਹੂ ਨਾਲ ਵਗ ਤੁਰਨਗੇ।
4. ਅਕਾਸ਼ ਦੀ ਸਾਰੀ ਸੈਨਾਂ ਗਲ ਜਾਵੇਗੀ, ਅਤੇ ਅਕਾਸ਼ ਪੱਤ੍ਰੀ ਵਾਂਙੁ ਲਪੇਟੇ ਜਾਣਗੇ, ਅਤੇ ਓਹਨਾਂ ਦੀ ਸਾਰੀ ਸੈਨਾ ਝੜ ਜਾਵੇਗੀ, ਜਿਵੇਂ ਪੱਤੇ ਬੇਲ ਤੋਂ ਝੜ ਜਾਂਦੇ, ਅਤੇ ਜਿਵੇਂ ਓਹ ਹਜੀਰ ਤੋਂ ਝੜ ਜਾਂਦੇ ਹਨ।।
5. ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਫਿੱਟੀ ਹੋਈ ਕੌਮ ਉੱਤੇ ਨਿਆਉਂ ਲਈ ਜਾ ਪਵੇਗੀ।
6. ਯਹੋਵਾਹ ਦੀ ਤਲਵਾਰ ਲਹੂ ਨਾਲ ਲਿਬੜੀ ਹੋਈ ਹੈ, ਉਹ ਚਰਬੀ ਨਾਲ ਥਿੰਧਿਆਈ ਹੋਈ ਹੈ, ਲੇਲੀਆਂ ਅਰ ਬੱਕਰੀਆਂ ਦੇ ਲਹੂ ਨਾਲ, ਛੱਤਰਿਆਂ ਦੇ ਗੁਰਦੇ ਦੀ ਚਰਬੀ ਨਾਲ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ ਹੈ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਵਢਾਂਗਾ ਹੈ।
7. ਜੰਗਲੀ ਸਾਨ੍ਹ ਉਨ੍ਹਾਂ ਦੇ ਨਾਲ ਲਹਿ ਆਉਣਗੇ, ਅਤੇ ਸਾਨ੍ਹਾਂ ਦੇ ਨਾਲ ਬਲਦ ਹੋਣਗੇ, ਓਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਓਹਨਾਂ ਦੀ ਧੂੜ ਚਰਬੀ ਨਾਲ ਥਿੰਧਿਆਈ ਜਾਵੇਗੀ।
8. ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਕਾਰਨ ਇੱਕ ਵੱਟਾ ਦੇਣ ਦਾ ਵਰਹਾ।
9. ਉਹ ਦੀਆਂ ਨਦੀਆਂ ਗਲ ਬਣ ਜਾਣਗੀਆਂ, ਅਤੇ ਉਹ ਦੀ ਖ਼ਾਕ, ਗੰਧਕ, ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ।
10. ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ, ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ।
11. ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਰ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।
12. ਉਹ ਦੇ ਸ਼ਰੀਫ ਉਹ ਨੂੰ ਅਲੋਪ ਰਾਜ ਸੱਦਣਗੇ, ਅਤੇ ਉਹ ਦੇ ਸਾਰੇ ਸਰਦਾਰ ਨਾ ਹੋਇਆਂ ਜੇਹੇ ਹੋਣਗੇ।
13. ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਥੋਹਰਾਂ ਉਹ ਦਿਆਂ ਕਿਲਿਆਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰ ਮੁਰਗਾਂ ਦਾ ਵੇਹੜਾ ਹੋਵੇਗਾ।
14. ਉਜਾੜ ਦੇ ਦਰਿੰਦੇ ਬਿੱਜੂਆਂ ਨਾਲ ਮਿਲਣਗੇ, ਬਣ ਬੱਕਰਾਂ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਰਾਤ ਦੀ ਭੂਤਨੀ ਉੱਥੇ ਟਿਕੇਗੀ, ਅਤੇ ਆਪਣੇ ਲਈ ਅਰਾਮ ਦੀ ਥਾਂ ਪਾਵੇਗੀ।
15. ਉੱਥੇ ਉੱਲੂ ਆਹਲਣਾ ਬਣਾ ਕੇ ਆਂਡੇ ਦੇਵੇਗੀ, ਅਤੇ ਸੇਉ ਕੇ ਆਪਣੇ ਬੱਚੇ ਆਪਣੇ ਸਾਯੇ ਹੇਠ ਇਕੱਠੇ ਕਰੇਗੀ। ਉੱਥੇ ਹੀ ਇੱਲਾਂ ਇਕੱਠੀਆਂ ਹੋਣਗੀਆਂ, ਹਰੇਕ ਆਪਣੇ ਨਰ ਨਾਲ।।
16. ਯਹੋਵਾਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ, ਏਹਨਾਂ ਵਿੱਚੋਂ ਇੱਕ ਵੀ ਘੱਟ ਨਾ ਹੋਵੇਗੀ ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ, ਕਿਉਂ ਜੋ ਮੇਰੇ ਹੀ ਮੂੰਹ ਨੇ ਏਹ ਹੁਕਮ ਦਿੱਤਾ ਹੈ, ਅਤੇ ਉਸੇ ਦੇ ਆਤਮਾ ਨੇ ਓਹਨਾਂ ਨੂੰ ਇਕੱਠਾ ਕੀਤਾ ਹੈ।
17. ਉਹ ਨੇ ਓਹਨਾਂ ਲਈ ਗੁਣਾ ਪਾਇਆ ਹੈ, ਅਤੇ ਉਹ ਦੇ ਹੱਥ ਨੇ ਓਹਨਾਂ ਲਈ ਜਰੀਬ ਨਾਲ ਵੰਡਿਆ। ਓਹ ਸਦਾ ਤੀਕ ਉਸ ਉੱਤੇ ਕਬਜ਼ਾ ਕਰਨਗੇ, ਪੀੜ੍ਹੀਓਂ ਪੀੜ੍ਹੀ ਓਹ ਉਸ ਵਿੱਚ ਵੱਸਣਗੇ।।