1. ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੀ ਪਾਤਸ਼ਾਹੀ ਦੇ ਅੰਰਭ ਵਿੱਚ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਏਹ ਬਚਨ ਆਇਆ
2. ਅਤੇ ਯਹੋਵਾਹ ਨੇ ਮੈਨੂੰ ਐਉਂ ਆਖਿਆ ਕਿ ਨਹਿਣ ਅਤੇ ਜੂਲੇ ਆਪਣੇ ਲਈ ਬਣਾ ਅਤੇ ਓਹਨਾਂ ਨੂੰ ਆਪਣੀ ਧੌਣ ਉੱਤੇ ਰੱਖ
3. ਅਤੇ ਓਹਨਾਂ ਨੂੰ ਅਦੋਮ ਦੇ ਰਾਜੇ ਕੋਲ, ਮੋਆਬ ਦੇ ਰਾਜੇ, ਅੰਮੋਨੀਆਂ ਦੇ ਰਾਜੇ, ਸੂਰ ਦੇ ਰਾਜੇ ਅਤੇ ਸੈਦਾ ਦਾ ਰਾਜੇ ਕੋਲ ਓਹਨਾਂ ਰਾਜਦੂਤਾਂ ਤੇ ਹੱਥੀਂ ਘੱਲੀਂ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਕੋਲ ਆਏ ਹਨ
4. ਤੂੰ ਓਹਨਾਂ ਨੂੰ ਓਹਨਾਂ ਦੇ ਮਾਲਕਾਂ ਲਈ ਏਹ ਹੁਕਮ ਦੇਈਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਭਈ ਤੁਸੀਂ ਆਪਣੇ ਮਾਲਕਾਂ ਨੂੰ ਇਉਂ ਆਖਣਾ,
5. ਮੈਂ ਧਰਤੀ ਨੂੰ, ਆਦਮੀਆਂ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਬਣਾਇਆ। ਮੈਂ ਏਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ
6. ਹੁਣ ਮੈਂ ਏਹ ਸਾਰੇ ਦੇਸ ਆਪਣੇ ਟਹਿਲੂਏ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਹੱਥ ਵਿੱਚ ਦੇ ਦਿੱਤੇ ਹਨ, ਨਾਲੇ ਖੇਤ ਦੇ ਪਸੂ ਵੀ ਭਈ ਓਹ ਉਸ ਦੀ ਸੇਵਾ ਕਰਨ
7. ਸਾਰੀਆਂ ਕੌਮਾਂ ਉਹ ਦੀ ਅਤੇ ਉਹ ਦੇ ਪੁੱਤ੍ਰਾਂ ਪੋਤਿਆਂ ਦੀ ਟਹਿਲ ਕਰਨਗੀਆਂ ਜਦ ਤੀਕ ਕਿ ਉਸ ਦੇ ਦੇਸ ਦਾ ਵੇਲਾ ਨਾ ਆਵੇ, ਤਦ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਵੱਡੇ ਪਾਤਸ਼ਾਹ ਆਣ ਕੇ ਉਸ ਨੂੰ ਗੁਲਾਮ ਬਣਾਉਣਗੇ
8. ਅਤੇ ਐਉਂ ਹੋਵੇਗਾ ਕਿ ਜਿਹੜੀ ਕੌਮ ਯਾ ਪਾਤਸ਼ਾਹੀ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੀ ਟਹਿਲ ਨਾ ਕਰੇਗੀ ਅਤੇ ਆਪਣੀ ਧੌਣ ਬਾਬਲ ਦੇ ਪਾਤਸ਼ਾਹ ਦੇ ਜੂਲੇ ਹੇਠ ਨਾ ਦੇਵੇਗੀ, ਯਹੋਵਾਹ ਦਾ ਵਾਕ ਹੈ, ਮੈਂ ਉਸ ਕੌਮ ਨੂੰ ਤਲਵਾਰ, ਕਾਲ ਅਤੇ ਬਵਾ ਨਾਲ ਸਜ਼ਾ ਦਿਆਂਗਾ ਐਥੋਂ ਤੀਕ ਕਿ ਮੈਂ ਉਹ ਦੇ ਹੱਥੋਂ ਉਸ ਦਾ ਨਾਸ ਕਰਵਾ ਦਿਆਂਗਾ
9. ਤੁਸੀਂ ਆਪਣੇ ਨਬੀਆਂ, ਆਪਣੇ ਫਾਲ ਪਾਉਣ ਵਾਲਿਆਂ, ਸੁਫਨਾ ਵੇਖਣ ਵਾਲਿਆਂ, ਰਮਲੀਆਂ ਅਤੇ ਜਾਦੂਗਰਾਂ ਦੀ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ ਕਿ ਤੁਸੀਂ ਬਾਬਲ ਦੇ ਪਾਤਸ਼ਾਹ ਦੀ ਟਹਿਲ ਨਾ ਕਰੋਗੇ
10. ਓਹ ਤਾਂ ਤੁਹਾਡੇ ਨਾਲ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਤੁਹਾਨੂੰ ਤੁਹਾਡੀ ਭੂਮੀ ਵਿੱਚੋਂ ਦੂਰ ਲੈ ਜਾਣ ਅਤੇ ਮੈਂ ਤੁਹਾਨੂੰ ਹੱਕ ਦਿਆਂ ਅਤੇ ਤੁਸੀਂ ਮਿਟ ਜਾਓ
11. ਉਹ ਕੌਮ ਜਿਹੜੀ ਬਾਬਲ ਦੇ ਪਾਤਸ਼ਾਹ ਦੇ ਜੂਲੇ ਹੇਠ ਆਪਣੇ ਧੌਣ ਦੇ ਦੇਵੇਗੀ ਅਤੇ ਉਸ ਦੀ ਟਹਿਲ ਕਰੇਗੀ ਉਹ ਨੂੰ ਮੈਂ ਉਹ ਦੀ ਭੂਮੀ ਵਿੱਚ ਰਹਿਣ ਦਿਆਂਗਾ ਭਈ ਉਸ ਨੂੰ ਵਾਹੇ ਅਤੇ ਉਸ ਵਿੱਚ ਵੱਸੇ, ਯਹੋਵਾਹ ਦਾ ਵਾਕ ਹੈ।।
12. ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੂੰ ਮੈਂ ਏਹ ਸਾਰੀਆਂ ਗੱਲਾਂ ਬੋਲੀਆਂ ਕਿ ਬਾਬਲ ਤੇ ਪਾਤਸ਼ਾਹ ਦੇ ਜੂਲੇ ਹੇਠ ਆਪਣੀਆਂ ਧੌਣਾਂ ਰੱਖੋ, ਉਸ ਦੀ ਅਤੇ ਉਸ ਦੇ ਲੋਕਾਂ ਦੀ ਟਹਿਲ ਕਰੋ ਅਤੇ ਜੀਵੋ
13. ਤੂੰ ਅਤੇ ਤੇਰੇ ਲੋਕ ਤਲਵਾਰ, ਕਾਲ ਅਤੇ ਬਵਾ ਨਾਲ ਕਿਉਂ ਮਰੋਗੇ ਜਿਵੇਂ ਯਹੋਵਾਹ ਓਹਨਾਂ ਕੌਮਾਂ ਵਿਖੇ ਬੋਲਿਆ ਜਿਹੜੀਆਂ ਬਾਬਲ ਦੇ ਪਾਤਸ਼ਾਹ ਦੀ ਟਹਿਲ ਨਾ ਕਰਨਗੀਆਂ?
14. ਓਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ ਕਿ ਤੁਸੀਂ ਬਾਬਲ ਦੇ ਪਾਤਸ਼ਾਹ ਦੀ ਟਹਿਲ ਨਾ ਕਰੋਗੇ ਕਿਉਂ ਜੋ ਓਹ ਤੁਹਾਡੇ ਲਈ ਝੂਠਾ ਅਗੰਮ ਵਾਚਦੇ ਹਨ
15. ਮੈਂ ਓਹਨਾਂ ਨੂੰ ਨਹੀਂ ਘੱਲਿਆ, ਯਹੋਵਾਹ ਦਾ ਵਾਕ ਹੈ, ਪਰ ਓਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਮੈਂ ਤੁਹਾਨੂੰ ਹੱਕ ਦਿਆਂ ਅਤੇ ਤੁਸੀਂ ਮਿਟ ਜਾਓ, ਤੁਸੀਂ ਵੀ ਅਤੇ ਓਹ ਨਬੀ ਵੀ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ।।
16. ਜਦ ਮੈਂ ਜਾਜਕਾਂ ਨਾਲ ਅਤੇ ਏਸ ਸਾਰੀ ਪਰਜਾ ਨਾਲ ਗੱਲ ਕੀਤੀ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਆਪਣੇ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ ਅਤੇ ਆਖਦੇ ਹਨ, ਵੇਖੋ, ਯਹੋਵਾਹ ਦੇ ਭਵਨ ਦੇ ਭਾਂਡੇ ਬਾਬਲ ਵਿੱਚੋਂ ਛੇਤੀ ਨਾਲ ਮੁੜ ਲਿਆਂਦੇ ਜਾਣਗੇ। ਓਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ
17. ਓਹਨਾਂ ਦੀ ਨਾ ਸੁਣੋ! ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰੋ ਅਤੇ ਜੀਉਂਦੇ ਰਹੋ। ਏਹ ਸ਼ਹਿਰ ਕਿਉਂ ਬਰਬਾਦ ਹੋਵੇ?
18. ਪਰ ਜੇ ਓਹ ਨਬੀ ਹੋਣ ਅਤੇ ਯਹੋਵਾਹ ਦਾ ਬਚਨ ਓਹਨਾਂ ਦੇ ਕੋਲ ਹੋਵੇ ਤਾਂ ਓਹ ਸੈਨਾਂ ਦੇ ਯਹੋਵਾਹ ਅੱਗੇ ਸਿਫਾਰਸ਼ ਕਰਨ ਭਈ ਓਹ ਭਾਂਡੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਵਿੱਚ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਓਹ ਬਾਬਲ ਵਿੱਚ ਨਾ ਲਿਆਂਦੇ ਜਾਣ।।
19. ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਉਨ੍ਹਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਨਾ ਦੇ ਵਿਖੇ ਜਿਹੜੇ ਏਸ ਸ਼ਹਿਰ ਵਿੱਚ ਬਚ ਰਹੇ ਹਨ
20. ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਨਾਲ ਲੈ ਗਿਆ ਜਦ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਸ਼ਰੀਫਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਸੀ
21. ਹਾਂ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਓਹਨਾਂ ਭਾਂਡਿਆਂ ਵਿਖੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਐਉਂ ਆਖਦਾ ਹੈ,
22. ਓਹ ਬਾਬਲ ਵਿੱਚ ਲੈ ਜਾਏ ਜਾਣਗੇ ਅਤੇ ਉੱਥੇ ਉਸ ਦਿਨ ਤੀਕ ਕਿ ਮੈਂ ਓਹਨਾਂ ਵੱਲ ਧਿਆਨ ਨਾ ਦਿਆਂ ਰਹਿਣਗੇ, ਯਹੋਵਾਹ ਦਾ ਵਾਕ ਹੈ। ਤਾਂ ਮੈਂ ਓਹਨਾਂ ਨੂੰ ਲਿਆਵਾਂਗਾ ਅਤੇ ਮੁੜ ਏਸ ਅਸਥਾਨ ਵਿੱਚ ਰੱਖਾਂਗਾ।।