1. ਯੋਸ਼ੀਯਾਹ ਦੇ ਪੁੱਤ੍ਰ ਸਿਦਕੀਯਾਹ ਜਿਹ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਯਹੂਦਾਹ ਦੇ ਦੇਸ ਵਿੱਚ ਰਾਜ ਕਰਨ ਲਈ ਪਾਤਸ਼ਾਹ ਬਣਾਇਆ ਯਹੋਯਾਕੀਮ ਦੇ ਪੁੱਤ੍ਰ ਕਾਨਾਯਾਹ ਦੇ ਥਾਂ ਰਾਜ ਕਰਦਾ ਸੀ
2. ਪਰ ਨਾ ਉਸ ਨੇ, ਨਾ ਉਸ ਦੇ ਟਹਿਲੂਆਂ ਨੇ, ਨਾ ਦੇਸ ਦੇ ਲੋਕਾਂ ਨੇ ਯਹੋਵਾਹ ਦੇ ਬਚਨ ਜਿਹੜੇ ਉਸ ਯਿਰਮਿਯਾਹ ਨਬੀ ਦੇ ਰਾਹੀਂ ਆਖੇ ਸਨ ਸੁਣੇ
3. ਤਾਂ ਸਿਦਕੀਯਾਹ ਪਾਤਸ਼ਾਹ ਨੇ ਸ਼ਲਮਯਾਹ ਦੇ ਪੁੱਤ੍ਰ ਯਹੂਕਲ ਨੂੰ ਅਤੇ ਮਆਸੇਯਾਹ ਦੇ ਪੁੱਤ੍ਰ ਸਫ਼ਨਯਾਹ ਜਾਜਕ ਨੂੰ ਯਿਰਮਿਯਾਹ ਨਬੀ ਕੋਲ ਘੱਲਿਆ ਕਿ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰੀਂ
4. ਯਿਰਮਿਯਾਹ ਲੋਕਾਂ ਵਿੱਚ ਅੰਦਰ ਬਾਹਰ ਆਉਂਦਾ ਜਾਂਦਾ ਸੀ ਅਤੇ ਓਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ
5. ਫ਼ਿਰਊਨ ਦੀ ਫੌਜ ਮਿਸਰੋਂ ਨਿੱਕਲ ਆਈ ਸੀ ਅਤੇ ਜਦੋਂ ਕਸਦੀਆਂ ਨੇ ਜਿਨ੍ਹਾਂ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ ਓਹਨਾਂ ਦੀਆਂ ਖ਼ਬਰਾਂ ਸੁਣੀਆਂ ਤਾਂ ਓਹ ਯਰੂਸ਼ਲਮ ਤੋਂ ਤੁਰ ਗਏ।।
6. ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ ਕਿ
7. ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਤੁਸੀਂ ਯਹੂਦਾਹ ਦੇ ਪਾਤਸ਼ਾਹ ਨੂੰ ਜਿਹ ਨੇ ਤੁਹਾਨੂੰ ਮੇਰੇ ਕੋਲ ਪੁੱਛਣ ਲਈ ਘੱਲਿਆ ਹੈ ਏਹ ਆਖੋ ਕਿ ਵੇਖ, ਫ਼ਿਰਊਨ ਦੀ ਫੌਜ ਜਿਹੜੀ ਤੁਹਾਡੀ ਸਹਾਇਤਾ ਲਈ ਨਿੱਕਲੀ ਹੈ ਫੇਰ ਆਪਣੇ ਦੇਸ ਮਿਸਰ ਨੂੰ ਮੁੜ ਜਾਵੇਗੀ
8. ਅਤੇ ਕਸਦੀ ਫੇਰ ਆ ਕੇ ਏਸ ਸ਼ਹਿਰ ਦੇ ਵਿਰੁੱਧ ਲੜਾਈ ਕਰਨਗੇ ਅਤੇ ਏਹ ਨੂੰ ਲੈ ਲੈਣਗੇ ਅਤੇ ਏਹ ਨੂੰ ਅੱਗ ਨਾਲ ਸਾੜ ਦੇਣਗੇ।।
9. ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਸੀਂ ਆਪਣੀਆਂ ਜਾਨਾਂ ਨੂੰ ਏਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ ਮੁੱਚ ਸਾਡੇ ਕੋਲੋਂ ਚੱਲੇ ਜਾਣਗੇ। ਓਹ ਤਾਂ ਨਾ ਜਾਣਗੇ
10. ਕਿਉਂ ਜੋ ਜੇ ਤੁਸੀਂ ਕਸਦੀਆਂ ਦੀ ਸਾਰੀ ਫੌਜ ਨੂੰ ਜਿਹੜੀ ਤੁਹਾਡੇ ਨਾਲ ਲੜਦੀ ਹੈ ਇਉਂ ਮਾਰ ਸੁੱਟਦੇ ਕਿ ਓਹਨਾਂ ਵਿੱਚ ਨਿਰੇ ਫੱਟੜ ਮਨੁੱਖ ਹੀ ਰਹਿੰਦੇ ਤਾਂ ਓਹ ਆਪਣਿਆਂ ਆਪਣਿਆਂ ਤੰਬੂਆਂ ਵਿੱਚੋਂ ਉੱਠ ਕੇ ਏਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਦੇ!।।
11. ਤਾਂ ਐਉਂ ਹੋਇਆ ਕਿ ਜਦ ਕਸਦੀਆਂ ਦੀ ਫੌਜ ਫ਼ਿਰਊਨ ਦੀ ਫੋਜ ਦੇ ਅੱਗੇ ਯਰੂਸ਼ਲਮ ਤੋਂ ਚੱਲੀ ਗਈ ਸੀ
12. ਤਾਂ ਯਿਰਮਿਯਾਹ ਯਰੂਸ਼ਲਮ ਤੋਂ ਬਿਨਯਾਮੀਨ ਦੇ ਦੇਸ ਨੂੰ ਜਾਣ ਲਈ ਨਿੱਕਲਣ ਲੱਗਾ ਭਈ ਉੱਥੇ ਲੋਕਾਂ ਵਿੱਚ ਆਪਣਾ ਹਿੱਸਾ ਲਵੇ
13. ਜਦ ਉਹ ਬਿਨਯਾਮੀਨ ਦੇ ਫਾਟਕ ਉੱਤੇ ਆਇਆ ਤਾਂ ਉੱਥੇ ਪਹਿਰੇਦਾਰਾਂ ਦੇ ਕਪਤਾਨ ਨੇ ਜਿਹ ਦਾ ਨਾਉਂ ਯਿਰੀਯਾਹ ਸੀ ਜੋ ਹਨਨਯਾਹ ਦਾ ਪੋਤਾ ਅਤੇ ਸ਼ਲਮਯਾਹ ਦਾ ਪੁੱਤ੍ਰ ਸੀ ਯਿਰਮਿਯਾਹ ਨਬੀ ਨੂੰ ਇਹ ਆਖ ਕੇ ਫੜ ਲਿਆ ਕਿ ਤੂੰ ਕਸਦੀਆਂ ਕੋਲ ਨੱਠਾ ਜਾਂਦਾ ਹੈਂ!
14. ਯਿਰਮਿਯਾਹ ਨੇ ਆਖਿਆ, ਏਹ ਝੂਠ ਹੈ, ਮੈਂ ਕਸਦੀਆਂ ਕੋਲ ਨੱਠਾ ਨਹੀਂ ਜਾਂਦਾ, ਪਰ ਉਸ ਉਹ ਦੀ ਨਾ ਸੁਣੀ ਸੋ ਯਿਰੀਯਾਹ ਯਿਰਮਿਯਾਹ ਨੂੰ ਫੜ ਕੇ ਸਰਦਾਰਾਂ ਕੋਲ ਲੈ ਗਿਆ
15. ਤਾਂ ਸਰਦਾਰ ਯਿਰਮਿਯਾਹ ਨਾਲ ਲਾਲ ਪੀਲੇ ਹੋਏ ਅਤੇ ਉਹ ਨੂੰ ਮਾਰਿਆ ਅਤੇ ਉਹ ਨੂੰ ਯਹੋਨਾਥਾਨ ਲਿਖਾਰੀ ਦੇ ਘਰ ਕੈਦ ਵਿੱਚ ਪਾ ਦਿੱਤਾ ਕਿਉਂ ਜੋ ਓਹਨਾਂ ਨੇ ਉਸ ਨੂੰ ਕੈਦ ਖ਼ਾਨਾ ਬਣਾਇਆ ਹੋਇਆ ਸੀ
16. ਜਦ ਯਿਰਮਿਯਾਹ ਬੰਦੀ ਖ਼ਾਨੇ ਦੇ ਭੋਹਰੇ ਵਿੱਚ ਗਿਆ ਅਤੇ ਯਿਰਮਿਯਾਹ ਉੱਥੇ ਬਹੁਤ ਦਿਨਾਂ ਤੀਕ ਟਿਕਿਆ ਰਿਹਾ
17. ਸਿਦਕੀਯਾਹ ਪਾਤਸ਼ਾਹ ਨੇ ਮਨੁੱਖ ਘੱਲ ਕੇ ਉਹ ਨੂੰ ਲਿਆ ਅਤੇ ਆਪਣੇ ਮਹਿਲ ਵਿੱਚ ਪੜਦੇ ਨਾਲ ਉਹ ਨੂੰ ਏਹ ਆਖ ਕੇ ਪੁੱਛਿਆ, ਕੀ ਕੋਈ ਯਹੋਵਾਹ ਵੱਲੋਂ ਬਚਨ ਹੈ? ਤਾਂ ਯਿਰਮਿਯਾਹ ਨੇ ਆਖਿਆ, ਹੈ! ਅਤੇ ਉਸ ਏਹ ਵੀ ਆਖਿਆ ਕਿ ਤੂੰ ਬਾਬਲ ਦੇ ਪਾਤਸ਼ਾਹ ਦੇ ਹੱਥ ਵਿੱਚ ਦਿੱਤਾ ਜਾਵੇਂਗਾ
18. ਯਿਰਮਿਯਾਹ ਨੇ ਸਿਦਕੀਯਾਹ ਪਾਤਸ਼ਾਹ ਨੂੰ ਆਖਿਆ ਕਿ ਮੈਂ ਤੇਰਾ ਅਤੇ ਅਤੇ ਤੇਰੇ ਟਹਿਲੂਆਂ ਦਾ ਅਤੇ ਏਹਨਾਂ ਲੋਕਾਂ ਦਾ ਕੀ ਪਾਪ ਕੀਤਾ ਹੈ ਜੋ ਤੁਸਾਂ ਮੈਨੂੰ ਏਸ ਕੈਦ ਖ਼ਾਨੇ ਵਿੱਚ ਪਾ ਛੱਡਿਆ ਹੈ?
19. ਓਹ ਤੁਹਾਡੇ ਨਬੀ ਕਿੱਥੇ ਹਨ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹੁੰਦੇ ਸਨ ਅਤੇ ਆਖਦੇ ਹੁੰਦੇ ਸਨ ਕਿ ਬਾਬਲ ਦਾ ਪਾਤਸ਼ਾਹ ਤੁਹਾਡੇ ਉੱਤੇ ਅਤੇ ਏਸ ਦੇਸ ਉੱਤੇ ਚੜ੍ਹਾਈ ਨਾ ਕਰੇਗਾ?
20. ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ। ਤੂੰ ਮੈਨੂੰ ਯਹੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕਿਤੇ ਉੱਥੇ ਮਰ ਨਾ ਜਾਵਾਂ
21. ਤਾਂ ਸਿਦਕੀਯਾਹ ਪਾਤਸ਼ਾਹ ਨੇ ਹੁਕਮ ਦਿੱਤਾ ਅਤੇ ਓਹਨਾਂ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚ ਰੱਖਿਆ ਅਤੇ ਨਿੱਤ ਉਹ ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਟੀ ਦਾ ਟੁਕੜਾ ਲੈ ਕੇ ਦਿੰਦੇ ਰਹੇ ਜਦ ਤੀਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ। ਸੋ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ।।