1. ਹੇ ਭਰਾਵੋ, ਤੁਹਾਡੇ ਕੋਲ ਸਾਡਾ ਆਉਣਾ ਤੁਸੀਂ ਆਪ ਜਾਣਦੇ ਹੋ ਭਈ ਉਹ ਅਕਾਰਥ ਨਹੀਂ ਹੋਇਆ ਹੈ
2. ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸਾਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ
3. ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ, ਨਾ ਛਲ ਨਾਲ ਹੁੰਦਾ ਹੈ
4. ਪਰੰਤੂ ਜਿਵੇਂ ਅਸੀਂ ਪਰਮੇਸ਼ੁਰ ਵੱਲੋਂ ਪਰਵਾਨ ਹੋਏ ਹਾਂ ਜੋ ਇੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ, ਇਉਂ ਨਹੀਂ ਭਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ, ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਪਰਤਾਉਂਦਾ ਹੈ
5. ਕਿਉਂ ਜੋ ਨਾ ਤਾਂ ਅਸੀਂ ਖੁਸ਼ਾਮਦ ਦੀਆਂ ਗੱਲਾਂ ਕਦੇ ਕੀਤੀਆਂ ਜਿਵੇਂ ਤੁਸੀਂ ਜਾਣਦੇ ਹੋ ਅਤੇ ਨਾ ਹੀ ਲੋਭ ਦਾ ਪੜਦਾ ਬਣਾਇਆ - ਪਰਮੇਸ਼ੁਰ ਸਾਖੀ ਹੈ
6. ਅਤੇ ਨਾ ਅਸੀਂ ਮਨੁੱਖਾਂ ਪਾਸੋਂ ਵਡਿਆਈ ਚਾਹੁੰਦੇ ਸਾਂ, ਨਾ ਤੁਹਾਡੇ ਪਾਸੋਂ, ਨਾ ਹੋਰਨਾਂ ਪਾਸੋਂ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਕਰਕੇ ਭਾਰ ਪਾ ਸੱਕਦੇ ਸਾਂ
7. ਪਰ ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ
8. ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ
9. ਹੇ ਭਰਾਵੋ, ਸਾਡੀ ਮਿਹਨਤ ਪੋਹਰਿਆ ਤੁਹਾਨੂੰ ਚੇਤੇ ਤਾਂ ਹੋਵੇਗੀ ਭਈ ਅਸਾਂ ਇਸ ਕਰਕੇ ਜੋ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ ਰਾਤ ਦਿਨ ਕੰਮ ਧੰਦਾ ਕਰ ਕੇ ਤੁਹਾਨੂੰ ਪਰਮੇਸ਼ੁਰ ਦੀ ਖੁਸ਼ ਖਬਰੀ ਸੁਣਾਈ
10. ਤੁਸੀਂ ਸਾਖੀ ਹੋ ਨਾਲੇ ਪਰਮੇਸ਼ੁਰ ਵੀ ਜੋ ਕਿਹੀ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੂਸ਼ਨਾ ਸਹਿਤ ਤੁਸਾਂ ਨਿਹਚਾਵਾਨਾਂ ਨਾਲ ਸਾਡਾ ਵਰਤਾਰਾ ਸੀ
11. ਸੋ ਤੁਸੀਂ ਜਾਣਦੇ ਹੋ ਭਈ ਜਿਵੇਂ ਪਿਤਾ ਆਪਣੇ ਬਾਲਕਾਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚ ਇੱਕ ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ
12. ਜੋ ਤੁਸੀਂ ਪਰਮੇਸ਼ੁਰ ਦੇ ਜੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ।।
13. ਇਸ ਕਾਰਨ ਅਸੀਂ ਵੀ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਭਈ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨਿਹਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ
14. ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਓਹਨਾਂ ਕਲੀਸਿਯਾਂ ਵਰਗੇ ਹੋਏ ਹੋ ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਤੁਸਾਂ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਹੋ ਦੁਖ ਝੱਲੇ ਜਿਹੜੇ ਓਹਨਾਂ ਵੀ ਯਹੂਦੀਆਂ ਦੇ ਹੱਥੋਂ ਝੱਲੇ ਸਨ
15. ਨਾਲੇ ਪ੍ਰਭੁ ਯਿਸੂ ਨੂੰ ਨਾਲੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ ਕੱਢ ਦਿੱਤਾ । ਓਹ ਪਰਮੇਸ਼ੁਰ ਨੂੰ ਨਹੀਂ ਭਾਉਂਦੇ ਅਤੇ ਸਭਨਾਂ ਮਨੁੱਖਾਂ ਦੇ ਵਿਰੋਧੀ ਹਨ
16. ਓਹ ਸਾਨੂੰ ਪਰਾਈਆਂ ਕੌਮਾਂ ਨਾਲ ਗੱਲ ਕਰਨ ਤੋਂ ਵਰਜਦੇ ਹਨ ਜਿਸ ਤੋਂ ਓਹ ਬਚਾਏ ਜਾਣ ਤਾਂ ਜੋ ਓਹਨਾਂ ਦੇ ਪਾਪਾਂ ਦਾ ਪੈਮਾਨਾ ਸਦਾ ਭਰਿਆ ਰਹੇ! ਪਰ ਕ੍ਰੋਧ ਓਹਨਾਂ ਦੇ ਉੱਤੇ ਹੱਦ ਤੀਕ ਆਣ ਪਿਆ ਹੈ!।।
17. ਪਰ ਹੇ ਭਰਾਵੋ, ਅਸੀਂ ਜੋ ਥੋੜਾ ਚਿਰ ਤੁਹਾਥੋਂ ਵਿਛੜੇ ਰਹੇ ਮਨ ਕਰਕੇ ਨਹੀਂ ਪਰ ਦੇਹ ਕਰਕੇ ਤਾਂ ਅਸਾਂ ਵੱਡੀ ਚਾਹ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ
18. ਕਿਉਂ ਜੋ ਅਸਾਂ ਅਰਥਾਤ ਮੈਂ ਪੌਲੁਸ ਨੇ ਵਾਰ ਵਾਰ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਪਰ ਸ਼ਤਾਨ ਨੇ ਸਾਨੂੰ ਡੱਕ ਲਿਆ
19. ਸਾਡੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ ਕੌਣ ਹੈ? ਭਲਾ, ਸਾਡੇ ਪ੍ਰਭੁ ਯਿਸੂ ਮਸੀਹ ਅੱਗੇ ਉਹ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ?
20. ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ।।