1. ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ,
2. ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ, -
3. ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ,
4. ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ,
5. ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,
6. ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।
7. ਸਚਿਆਰਾਂ ਲਈ ਉਹ ਦਨਾਈ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ ਉਨ੍ਹਾਂ ਲਈ ਉਹ ਢਾਲ ਹੈ,
8. ਤਾਂ ਜੋ ਉਹ ਨਿਆਉਂ ਦੇ ਰਾਹਾਂ ਦੀ ਰਾਖੀ ਕਰੇ, ਅਤੇ ਆਪਣੇ ਭਗਤਾਂ ਦੇ ਰਾਹਾਂ ਦੀ ਰੱਛਿਆ ਕਰੇ।
9. ਤਦ ਤੂੰ ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ,
10. ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ।
11. ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ,
12. ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ,
13. ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਅਨ੍ਹੇਰੇ ਰਾਹਾਂ ਵਿੱਚ ਤੁਰਦੇ ਹਨ,
14. ਜਿਹੜੇ ਬੁਰਿਆਈ ਕਰਨੋਂ ਅਨੰਦ ਹੁੰਦੇ, ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ,
15. ਜਿਨ੍ਹਾਂ ਦੇ ਰਾਹ ਵਿੰਗੇ, ਅਤੇ ਚਾਲਾਂ ਵਿਗੜੀਆਂ ਹੋਈਆਂ ਹਨ,
16. ਤਾਂ ਜੋ ਓਹ ਤੈਨੂੰ ਪਰਾਈ ਤੀਵੀਂ ਤੋਂ ਛੁਡਾਉਣ, ਉਸ ਓਪਰੀ ਤੀਵੀਂ ਤੋਂ ਜਿਹੜੀ ਚਿਕਣੀਆਂ ਚੋਪੜੀਆਂ ਗੱਲਾਂ ਕਰਦੀ ਹੈ,
17. ਜਿਹ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ, ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ,
18. ਕਿਉਂ ਜੋ ਉਹ ਦਾ ਘਰ ਮੌਤ ਵੱਲ ਲਹਿ ਪੈਂਦਾ, ਅਤੇ ਉਹ ਦੇ ਰਾਹ ਭੂਤਨਿਆਂ ਵੱਲ।
19. ਜਿਹੜੇ ਉਹ ਦੇ ਕੋਲ ਜਾਂਦੇ ਹਨ, ਓਹਨਾਂ ਵਿੱਚੋਂ ਕੋਈ ਮੁੜ ਕੇ ਨਹੀਂ ਆਉਂਦਾ, ਅਤੇ ਨਾ ਹੀ ਜੀਉਣ ਦੇ ਰਾਹ ਤੱਕ ਅੱਪੜਦਾ ਹੈ।।
20. ਇਉਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ, ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ।
21. ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿਣ ਜਾਣਗੇ।
22. ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।।