1. ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਤੈਂ ਅਚਰਜ ਕੰਮ ਜੋ ਕੀਤਾ ਹੈ, ਪਰਾਚੀਨ ਸਮੇਂ ਤੋਂ ਤੇਰੇ ਮਤੇ ਵਫ਼ਾਦਾਰੀ ਤੇ ਸਚਿਆਈ ਦੇ ਹਨ!
2. ਤੈਂ ਤਾਂ ਸ਼ਹਿਰ ਨੂੰ ਥੇਹ, ਅਤੇ ਗੜ੍ਹ ਵਾਲੇ ਨਗਰ ਨੂੰ ਖੋਲਾ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ।
3. ਏਸ ਲਈ ਬਲਵੰਤ ਲੋਕ ਤੇਰੀ ਮਹਿਮਾ ਕਰਨਗੇ, ਡਰਾਉਣੀਆਂ ਕੌਮਾਂ ਦਾ ਨਗਰ ਤੈਥੋਂ ਡਰੇਗਾ।
4. ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਙੁ ਹੈ।
5. ਸੁੱਕੇ ਥਾਂ ਦੀ ਗਰਮੀ ਵਾਂਙੁ ਤੂੰ ਪਰਦੇਸੀਆਂ ਦੇ ਰੌਲੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਤਿਵੇਂ ਡਰਾਉਣਿਆਂ ਦਾ ਭਜਨ ਧੀਮਾ ਹੋ ਜਾਵੇਗਾ।।
6. ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।
7. ਅਤੇ ਇਸ ਪਹਾੜ ਤੇ ਉਸ ਪੜਦੇ ਨੂੰ ਝੱਫ ਲਵੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।
8. ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।।
9. ਓਸ ਦਿਨ ਆਖਿਆ ਜਾਵੇਗਾ, ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ — ਏਹ ਯਹੋਵਾਹ ਹੈ, ਅਸੀਂ ਉਹ ਦੀ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ,
10. ਕਿਉਂ ਜੋ ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਠਹਿਰੇਗਾ, ਮੋਆਬ ਆਪਣੇ ਥਾਂ ਵਿੱਚ ਐਉਂ ਮਿੱਧਿਆ ਜਾਵੇਗਾ, ਜਿਵੇਂ ਤੂੜੀ ਰੂੜੀ ਦੇ ਟੋਏ ਵਿੱਚ,
11. ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ, ਜਿਵੇਂ ਤਾਰੂ ਆਪਣੇ ਹੱਥ ਤਰਨ ਲਈ ਮਾਰਦਾ ਹੈ, ਪਰ ਉਹ ਉਸ ਦੇ ਘੁਮੰਡ ਨੂੰ ਉਸ ਦੇ ਹੱਥਾਂ ਦੀ ਚਲਾਕੀ ਸਣੇ ਅੱਝਾ ਕਰ ਦੇਵੇਗਾ।
12. ਸਫੀਲ ਦੇ ਉੱਚੇ ਬੁਰਜਾਂ ਨੂੰ ਉਹ ਝੁਕਾ ਦੇਵੇਗਾ, ਅੱਝਾ ਕਰੇਗਾ ਅਤੇ ਧਰਤੀ ਤੀਕ ਸਗੋਂ ਖ਼ਾਕ ਤੀਕ ਲਾਹ ਦੇਵੇਗਾ।।