1. ਵੇਖ, ਯਹੋਵਾਹ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ, ਉਹ ਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ,
2. ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ, ਅਤੇ ਤੁਹਾਡੇ ਪਰਮੇਸ਼ੁਰ ਵਿੱਚ ਜੁਦਾਈ ਪਾ ਦਿੱਤੀ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਥੋਂ ਲੁਕਾ ਦਿੱਤਾ ਹੈ, ਭਈ ਉਹ ਨਾ ਸੁਣੇ।
3. ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, - ਤੁਹਾਡੇ ਬੁੱਲ੍ਹ ਝੂਠ ਮਾਰਦੇ ਹਨ, ਤੁਹਾਡੀ ਜੀਭ ਬਦੀ ਬਕਦੀ ਹੈ।
4. ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਓਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਓਹ ਸ਼ਰਾਰਤ ਨਾਲ ਗਰਭੀ ਹੁੰਦੇ ਅਤੇ ਬਦੀ ਜਣਦੇ ਹਨ!
5. ਓਹ ਨਾਗ ਦੇ ਆਂਡੇ ਸੇਉਂਦੇ ਹਨ, ਓਹ ਮਕੜੀ ਦਾ ਜਾਲਾ ਤਣਦੇ ਹਨ, ਜੋ ਓਹਨਾਂ ਦੇ ਆਂਡਿਆਂ ਵਿੱਚੋਂ ਖਾਵੇ ਸੋ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਨਿੱਕਲੇਗਾ।
6. ਓਹਨਾਂ ਦੇ ਜਾਲੇ ਬਸਤਰ ਨਾ ਬਣਨਗੇ, ਨਾ ਓਹ ਆਪਣੀਆਂ ਕਰਤੂਤਾਂ ਨਾਲ ਆਪ ਨੂੰ ਕੱਜਣਗੇ, ਓਹਨਾਂ ਦੀਆਂ ਕਰਤੂਤਾਂ ਬਦੀ ਦੀਆਂ ਕਰਤੂਤਾਂ ਹਨ, ਅਤੇ ਜ਼ੁਲਮ ਦਾ ਕੰਮ ਓਹਨਾਂ ਦੇ ਹੱਥ ਵਿੱਚ ਹੈ।
7. ਓਹਨਾਂ ਦੇ ਪੈਰ ਬੁਰਿਆਈ ਵੱਲ ਨੱਠਦੇ ਹਨ, ਅਤੇ ਬੇਦੋਸ਼ਾ ਲਹੂ ਬਹਾਉਣ ਵਿੱਚ ਕਾਹਲੀ ਕਰਦੇ ਹਨ। ਓਹਨਾਂ ਦੇ ਖਿਆਲ ਬਦੀ ਦੇ ਖਿਆਲ ਹਨ, ਵਿਰਾਨੀ ਅਤੇ ਬਰਬਾਦੀ ਓਹਨਾਂ ਦੇ ਰਸਤਿਆਂ ਵਿੱਚ ਹੈ।
8. ਸ਼ਾਂਤੀ ਦਾ ਰਾਹ ਓਹ ਨਹੀਂ ਜਾਣਦੇ, ਓਹਨਾਂ ਦੇ ਵਰਤਾਰੇ ਵਿੱਚ ਇਨਸਾਫ਼ ਨਹੀਂ, ਓਹਨਾਂ ਨੇ ਵਿੰਗੇ ਪਹੇ ਆਪਣੇ ਲਈ ਬਣਾਏ, ਜੋ ਉਨ੍ਹਾਂ ਵਿੱਚ ਜਾਂਦਾ ਉਹ ਸ਼ਾਂਤੀ ਨਹੀਂ ਜਾਣਦਾ।।
9. ਏਸ ਲਈ ਇਨਸਾਫ਼ ਸਾਥੋਂ ਦੂਰ ਹੈ, ਅਤੇ ਧਰਮ ਸਾਨੂੰ ਨਹੀਂ ਆ ਫੜਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਅਨ੍ਹੇਰਾ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਅਨ੍ਹੇਰੇ ਵਿੱਚ ਚੱਲਦੇ ਹਾਂ।
10. ਅਸੀਂ ਅੰਨ੍ਹਿਆਂ ਵਾਂਙੁ ਕੰਧ ਨੂੰ ਟੋਹੰਦੇ ਹਾਂ, ਅਤੇ ਓਹਨਾਂ ਵਾਂਙੁ ਜਿਨ੍ਹਾਂ ਦੀਆਂ ਅੱਖੀਆਂ ਨਹੀਂ ਅਸੀਂ ਟੋਹੰਦੇ ਹਾਂ, ਅਸੀਂ ਦੁਪਹਿਰ ਨੂੰ ਸੰਝ ਵਾਂਙੁ ਠੇਡਾ ਖਾਂਦੇ ਹਾਂ, ਅਸੀਂ ਮੋਟਿਆਂ ਤਾਜ਼ਿਆਂ ਵਿੱਚ ਮੁਰਦਿਆਂ ਵਾਂਙੁ ਹਾਂ।
11. ਅਸੀਂ ਸਾਰੇ ਰਿੱਛਾਂ ਵਾਂਙੁ ਘੂਰਦੇ ਹਾਂ, ਅਸੀਂ ਘੁੱਗੀਆਂ ਵਾਂਙੁ ਹੂੰਗਦੇ ਰਹਿੰਦੇ ਹਾਂ, ਅਸੀਂ ਇਨਸਾਫ਼ ਨੂੰ ਉਡੀਕਦੇ ਹਾਂ, ਪਰ ਹੈ ਨਹੀਂ, ਮੁਕਤੀ ਨੂੰ, ਪਰ ਉਹ ਸਾਥੋਂ ਦੂਰ ਹੈ।
12. ਸਾਡੇ ਅਪਰਾਧ ਤਾਂ ਤੇਰੇ ਹਜ਼ੂਰ ਵਧ ਗਏ ਹਨ, ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਕਿਉਂ ਜੋ ਸਾਡੇ ਅਪਰਾਧ ਸਾਡੇ ਨਾਲ ਹਨ, ਅਤੇ ਆਪਣੀਆਂ ਬਦੀਆਂ ਨੂੰ — ਅਸੀਂ ਓਹਨਾਂ ਨੂੰ ਜਾਣਦੇ ਹਾਂ।
13. ਅਸੀਂ ਅਪਰਾਧ ਕੀਤਾ ਅਤੇ ਯਹੋਵਾਹ ਤੋਂ ਮੁੱਕਰ ਗਏ, ਅਸੀਂ ਆਪਣੇ ਪਰਮੇਸ਼ੁਰ ਦੇ ਮਗਰ ਲੱਗਣੋਂ ਫਿਰ ਗਏ, ਅਸੀਂ ਜ਼ੁਲਮ ਅਰ ਆਕੀਪੁਣਾ ਬਕਿਆ, ਅਸਾਂ ਮਨੋਂ ਜੁਗਤੀ ਕਰ ਕੇ ਝੂਠੀਆਂ ਗੱਲਾਂ ਕੀਤੀਆਂ।
14. ਇਨਸਾਫ਼ ਉਲਟ ਗਿਆ, ਅਤੇ ਧਰਮ ਦੂਰ ਖੜਾ ਰਹਿੰਦਾ, ਸਚਿਆਈ ਤਾਂ ਚੌਂਕ ਵਿੱਚ ਡਿੱਗ ਪਈ, ਅਤੇ ਸਿਧਿਆਈ ਵੜ ਨਹੀਂ ਸੱਕਦੀ।
15. ਸਚਿਆਈ ਦੀ ਥੁੜੋਂ ਹੈ, ਅਤੇ ਜਿਹੜਾ ਬਦੀ ਤੋਂ ਨੱਠਦਾ ਹੈ ਉਹ ਆਪ ਨੂੰ ਸ਼ਿਕਾਰ ਬਣਾਉਂਦਾ ਹੈ।। ਯਹੋਵਾਹ ਨੇ ਵੇਖਿਆ ਅਤੇ ਉਹ ਦੀ ਨਿਗਾਹ ਵਿੱਚ ਏਹ ਬੁਰਾ ਲੱਗਾ, ਇਨਸਾਫ਼ ਜੋ ਨਹੀਂ ਸੀ।
16. ਉਹ ਨੇ ਵੇਖਿਆ ਭਈ ਕੋਈ ਮਨੁੱਖ ਨਹੀਂ, ਉਹ ਦੰਗ ਰਹਿ ਗਿਆ ਭਈ ਕੋਈ ਵਿਚੋਲਾ ਨਹੀਂ, ਤਾਂ ਉਹ ਦੀ ਭੁਜਾ ਨੇ ਉਸ ਲਈ ਬਚਾਓ ਕੀਤਾ, ਅਤੇ ਉਹ ਦੇ ਧਰਮ ਨੇ ਹੀ ਉਸ ਨੂੰ ਸੰਭਾਲਿਆ।
17. ਉਹ ਨੇ ਧਰਮ ਸੰਜੋ ਵਾਂਙੁ, ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਪਹਿਨਿਆ, ਉਹ ਨੇ ਬਦਲਾ ਲੈਣ ਦੇ ਬਸਤਰ ਲਿਬਾਸ ਲਈ ਪਹਿਨੇ, ਅਤੇ ਚੇਲੇ ਵਾਂਙੁ ਅਣਖ ਨੂੰ ਪਾ ਲਿਆ।
18. ਜਿਹੀ ਕਰਨੀ ਤਿਹੀ ਭਰਨੀ, ਵੈਰੀਆਂ ਲਈ ਗੁੱਸਾ, ਵਿਰੋਧੀਆਂ ਲਈ ਬਦਲਾ, ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਬਦਲਾ ਦੇਵੇਗਾ।
19. ਤਾਂ ਓਹ ਯਹੋਵਾਹ ਦੇ ਨਾਮ ਤੋਂ ਲਹਿੰਦਿਓਂ, ਅਤੇ ਉਹ ਦੇ ਪਰਤਾਪ ਤੋਂ ਸੂਰਜ ਦੇ ਚੜ੍ਹਦਿਓਂ ਡਰਨਗੇ, ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਙੁ ਆਵੇਗਾ, ਜਿਹ ਨੂੰ ਯਹੋਵਾਹ ਦਾ ਸਾਹ ਰੋੜ੍ਹਦਾ ਹੈ।
20. ਇੱਕ ਛੁਟਕਾਰਾ ਦੇਣ ਵਾਲਾ ਸੀਯੋਨ ਲਈ, ਅਤੇ ਯਾਕੂਬ ਵਿੱਚ ਅਪਰਾਧ ਤੋਂ ਹਟਣ ਵਾਲਿਆਂ ਲਈ ਆਵੇਗਾ, ਯਹੋਵਾਹ ਦਾ ਵਾਕ ਹੈ।
21. ਮੇਰੀ ਵੱਲੋਂ, ਯਹੋਵਾਹ ਆਖਦਾ ਹੈ, ਓਹਨਾਂ ਨਾਲ ਮੇਰਾ ਏਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕਾਲ ਤੀਕ ਚੱਲੇ ਨਾ ਜਾਣਗੇ, ਯਹੋਵਾਹ ਆਖਦਾ ਹੈ।।