1. ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਲੈ, ਮੇਰੀ ਬੇਨਤੀ ਉੱਤੇ ਕੰਨ ਲਾ, ਆਪਣੀ ਵਫ਼ਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉੱਤਰ ਦੇਹ!
2. ਆਪਣੇ ਦਾਸ ਨੂੰ ਅਦਾਲਤ ਵਿੱਚ ਨਾ ਲਿਆ, ਕਿਉਂ ਜੋ ਤੇਰੇ ਹਜ਼ੂਰ ਕੋਈ ਜਣਾ ਧਰਮੀ ਨਹੀਂ ਠਹਿਰ ਸੱਕਦਾ।
3. ਵੈਰੀ ਨੇ ਤਾਂ ਮੇਰੀ ਜਾਨ ਦਾ ਪਿੱਛਾ ਕੀਤਾ ਹੈ, ਉਹ ਨੇ ਮੇਰੀ ਜਿੰਦ ਨੂੰ ਚਿੱਥ ਕੇ ਧਰਤੀ ਉੱਤੇ ਸੁੱਟ ਦਿੱਤਾ ਹੈ, ਉਹ ਨੇ ਮੈਨੂੰ ਅਨ੍ਹੇਰੇ ਥਾਂਵਾਂ ਵਿੱਚ ਵਸਾਇਆ ਹੈ, ਚਿਰ ਦੇ ਮੋਇਆਂ ਹੋਇਆਂ ਵਾਂਙੁ!
4. ਤਦੇ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੈ, ਮੇਰਾ ਦਿਲ ਮੇਰੇ ਵਿਚਕਾਰ ਵਿਆਕੁਲ ਹੈ।।
5. ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹੈਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।
6. ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, ਮੇਰੀ ਜਾਨ ਸੁੱਕੀ ਧਰਤੀ ਵਾਂਙੁ ਤੇਰੀ ਤਿਹਾਈ ਹੈ ।। ਸਲਹ ।।
7. ਛੇਤੀ ਕਰ, ਹੇ ਯਹੋਵਾਹ, ਮੈਨੂੰ ਉੱਤਰ ਦੇਹ, ਮੇਰਾ ਆਤਮਾ ਬੱਸ ਹੋ ਚੱਲਿਆ, ਆਪਣਾ ਮੂੰਹ ਮੈਥੋਂ ਨਾ ਲੁਕਾ, ਕਿਤੇ ਮੈਂ ਗੋਰ ਵਿੱਚ ਉਤਰਨ ਵਾਲਿਆਂ ਵਰਗਾ ਨਾ ਹੋ ਜਾਵਾਂ!
8. ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, ਮੈਂ ਤਾਂ ਆਪਣੀ ਜਾਨ ਤੇਰੀ ਵੱਲ ਉਠਾ ਰੱਖੀ ਹੈ।
9. ਹੇ ਯਹੋਵਾਹ, ਮੈਨੂੰ ਵੈਰੀਆਂ ਤੋਂ ਛੁਡਾ, ਮੈਂ ਤੇਰੇ ਵਿੱਚ ਲੁੱਕਦਾ ਹਾਂ!
10. ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ।
11. ਹੇ ਯਹੋਵਾਹ, ਆਪਣੇ ਨਾਮ ਦੇ ਸਦਕੇ ਮੈਨੂੰ ਜੀਉਂਦਾ ਰੱਖ, ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ,
12. ਅਤੇ ਆਪਣੀ ਦਯਾ ਨਾਲ ਮੇਰੇ ਵੈਰੀਆਂ ਨੂੰ ਮਿਟਾ ਸੁੱਟ, ਅਤੇ ਮੇਰੀ ਜਾਨ ਦੇ ਸਾਰੇ ਦੁਖ ਦੇਣ ਵਾਲਿਆਂ ਦਾ ਨਾਸ ਕਰ! ਮੈਂ ਤੇਰਾ ਸੇਵਕ ਜੋ ਹਾਂ।।