1. ਮੇਰੇ ਮਨ ਦੇ ਅੰਦਰ ਦੁਸ਼ਟ ਦੇ ਅਪਰਾਧ ਦਾ ਵਾਕ, - ਓਹ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਹੀ ਨਹੀਂ,
2. ਕਿਉਂ ਜੋ ਉਹ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ ਭਈ ਮੇਰੀ ਬਦੀ ਭਾਲੀ ਨਾ ਜਾਵੇਗੀ, ਨਾ ਘਿਣਾਉਣੀ ਸਮਝੀ ਜਾਵੇਗੀ।
3. ਉਹ ਦੇ ਮੂੰਹ ਦੀਆਂ ਗੱਲਾਂ ਬਦੀ ਅਤੇ ਛਲ ਦੀਆਂ ਹਨ, ਉਹ ਨੇ ਬੁੱਧਵਾਨ ਹੋਣ ਨੂੰ ਅਤੇ ਭਲਾ ਕਰਨ ਨੂੰ ਛੱਡਿਆ ਹੋਇਆ ਹੈ।
4. ਉਹ ਆਪਣੇ ਮੰਜੇ ਉੱਤੇ ਬਦੀ ਨੂੰ ਸੋਚਦਾ ਰਹਿੰਦਾ ਹੈ, ਉਹ ਭੈੜੇ ਰਾਹ ਉੱਤੇ ਲੱਗ ਤੁਰਦਾ ਹੈ, ਉਹ ਬਦੀ ਤੋਂ ਘਿਣ ਨਹੀਂ ਕਰਦਾ ਹੈ।।
5. ਹੇ ਯਹੋਵਾਹ, ਤੇਰੀ ਦਯਾ ਸੁਰਗ ਵਿੱਚ ਹੈ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੀਕ ਹੈ।
6. ਤੇਰਾ ਧਰਮ ਪਰਮੇਸ਼ੁਰ ਦੇ ਪਰਬਤਾਂ ਸਮਾਨ ਹੈ, ਤੇਰੇ ਨਿਆਉਂ ਵੱਡੀ ਡੁੰਘਿਆਈ ਵਾਲੇ ਹਨ, ਹੇ ਯਹੋਵਾਹ, ਤੂੰ ਆਦਮੀ ਅਤੇ ਡੰਗਰ ਨੂੰ ਬਚਾਉਂਦਾ ਹੈਂ!
7. ਹੇ ਪਰਮੇਸ਼ੁਰ, ਤੇਰੀ ਦਯਾ ਕਿੰਨੀ ਬਹੁਮੱਲੀ ਹੈ! ਅਤੇ ਆਦਮੀ ਦੇ ਪੁੱਤ੍ਰ ਤੇਰੇ ਖੰਭਾਂ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ।
8. ਓਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ, ਅਤੇ ਤੂੰ ਆਪਣੇ ਬਿਲਾਸਾਂ ਦੀ ਨਦੀ ਤੋਂ ਉਨ੍ਹਾਂ ਨੂੰ ਪਿਲਾਏਂਗਾ,
9. ਕਿਉਂ ਜੋ ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ।।
10. ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਯਾ, ਅਤੇ ਸਿੱਧੇ ਮਨ ਵਾਲਿਆਂ ਦੇ ਲਈ ਆਪਣਾ ਧਰਮ ਵਧਾਈ ਜਾ।
11. ਘੁਮੰਡੀ ਦਾ ਪੈਰ ਮੇਰੇ ਉੱਤੇ ਨਾ ਪੈਣ ਦੇਹ, ਅਤੇ ਦੁਸ਼ਟ ਦੇ ਹੱਥੋਂ ਮੈਨੂੰ ਨਾ ਭਟਕਣ ਦੇਹ।
12. ਉੱਥੇ ਬਦਕਾਰ ਡਿੱਗ ਪਏ ਹਨ, ਓਹ ਹੇਠਾਂ ਧੱਕੇ ਗਏ ਹਨ ਅਤੇ ਫੇਰ ਨਾ ਉੱਠ ਸੱਕਣਗੇ।।