1. ਸੋ ਹੁਣ ਓਹਨਾਂ ਨਾਲ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ
2. ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰਾ ਤੋਂ ਛੁਡਾ ਦਿੱਤਾ
3. ਜੋ ਸ਼ਰਾ ਤੋਂ ਨਾ ਹੋ ਸੱਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਨਿਤਾਣੀ ਸੀ, ਪਰਮੇਸ਼ੁਰ ਨੇ ਆਪਣਾ ਪੁੱਤ੍ਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਘੱਲ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ
4. ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਸ਼ਰਾ ਦਾ ਰਾਸਤ ਹੁਕਮ ਪੂਰਾ ਹੋਵੇ
5. ਜਿਹੜੇ ਸਰੀਰਕ ਹਨ ਓਹ ਸਰੀਰ ਦੀਆਂ ਵਸਤਾਂ ਉੱਤੇ ਪਰ ਜਿਹੜੇ ਆਤਮਕ ਹਨ ਓਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ
6. ਕਿਉਂ ਜੋ ਸਰੀਰਕ ਮਨਸ਼ਾ ਮੌਤ ਹੈ ਪਰ ਆਤਮਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ
7. ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ੁਰ ਨਾਲ ਵੈਰ ਹੈ ਕਿਉਂ ਜੋ ਉਹ ਪਰਮੇਸ਼ੁਰ ਦੀ ਸ਼ਰਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸੱਕਦੀ ਹੈ
8. ਅਤੇ ਜਿਹੜੇ ਸਰੀਰਕ ਹਨ ਓਹ ਪਰਮੇਸ਼ੁਰ ਨੂੰ ਪਰਸੰਨ ਨਹੀਂ ਕਰ ਸੱਕਦੇ ਹਨ
9. ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਕ ਹੋ ਪਰ ਤਦੇ ਜੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ ਪਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹ ਦਾ ਨਹੀਂ ਹੈ
10. ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ
11. ਅਤੇ ਜੇ ਉਹ ਦਾ ਆਤਮਾ ਜਿਹ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀਵਾਲਿਆ ਤੁਹਾਡੇ ਵਿੱਚ ਵੱਸਦਾ ਹੈ ਤਾਂ ਜਿਹ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਵੀ ਜਿਵਾਏਗਾ।।
12. ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ
13. ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ
14. ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਓਹੀ ਪਰਮੇਸ਼ੁਰ ਦੇ ਪੁੱਤ੍ਰ ਹਨ
15. ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤ੍ਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਪੁਕਾਰਦੇ ਹਾਂ
16. ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ
17. ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।।
18. ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ
19. ਅਤੇ ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡਕਦੀ ਹੈ
20. ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ
21. ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ
22. ਅਸੀਂ ਜਾਣਦੇ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ
23. ਅਤੇ ਨੀਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਭੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਹੁਕੇ ਭਰਦੇ ਹਾਂ ਅਤੇ ਪੁੱਤ੍ਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ
24. ਉਮੇਦ ਨਾਲ ਅਸੀਂ ਬਚਾਏ ਗਏ ਹਾਂ ਪਰ ਉਮੇਦ ਜਿਹੜੀ ਵੇਖੀ ਗਈ ਉਹ ਉਮੇਦ ਨਾ ਰਹੀ ਕਿਉਂਕਿ ਜਿਹੜੀ ਵਸਤ ਕੋਈ ਵੇਖਦਾ ਹੈ ਉਹ ਦੀ ਉਮੇਦ ਕਾਹ ਨੂੰ ਕਰੇॽ
25. ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ ਜੇ ਉਹ ਦੀ ਉਮੇਦ ਰੱਖੀਏ ਤਾਂ ਧੀਰਜ ਨਾਲ ਉਹ ਦੀ ਉਡੀਕ ਵਿੱਚ ਰਹਿੰਦੇ ਹਾਂ।।
26. ਇਸ ਤਰਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦਾ ਹੈ
27. ਅਤੇ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ ਭਈ ਆਤਮਾ ਦੀ ਕੀ ਮਨਸਾ ਹੈ ਕਿਉਂ ਜੋ ਉਹ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ ਸੰਤਾਂ ਦੇ ਲਈ ਸਫ਼ਾਰਸ਼ ਕਰਦਾ ਹੈ
28. ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਓਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਓਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ
29. ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਉਸ ਨੇ ਓਹਨਾਂ ਨੂੰ ਸੱਦਿਆ ਭੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਭੀ ਠਹਿਰਾਇਆ ਭਈ ਉਹ ਦੇ ਪੁੱਤ੍ਰ ਦੇ ਸਰੂਪ ਉੱਤੇ ਬਣਨ ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ
30. ਅਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ ਉਸ ਨੇ ਓਹਨਾਂ ਨੂੰ ਸੱਦਿਆ ਭੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਓਹਨਾਂ ਨੂੰ ਧਰਮੀ ਭੀ ਠਹਿਰਾਇਆ ਅਤੇ ਜਿੰਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਭੀ ਦਿੱਤੀ।।
31. ਉਪਰੰਤ ਅਸੀਂ ਏਹਨਾਂ ਗੱਲਾਂ ਉੱਤੇ ਕੀ ਆਖੀਏॽ ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁਧ ਹੋਵੇਗਾॽ
32. ਜਿਹ ਨੇ ਆਪਣੇ ਹੀ ਪੁੱਤ੍ਰ ਦਾ ਭੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿੱਕੁਰ ਨਾ ਬਖ਼ਸ਼ੇਗਾॽ
33. ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦਾਵਾ ਕਰੇਗਾॽ ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ
34. ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾॽ ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ । ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਫ਼ਾਰਸ਼ ਕਰਦਾ ਹੈ
35. ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾॽ ਕੀ ਬਿਪਤਾ ਯਾ ਕਸ਼ਟ ਯਾ ਅਨ੍ਹੇਰ ਯਾ ਕਾਲ ਯਾ ਨੰਗ ਯਾ ਭੌਜਲ ਯਾ ਤਲਵਾਰॽ
36. ਜਿਵੇਂ ਲਿਖਿਆ ਹੋਇਆ ਹੈ — ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ।।
37. ਸਗੋਂ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵਧ ਫਤਹ ਪਾਉਂਦੇ ਹਾਂ
38. ਕਿਉਂ ਜੋ ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ
39. ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।।