1. ਹੇ ਬਲਵਾਨ ਸੁਆਮੀਓ, ਕੀ ਤੁਸੀਂ ਸੁੱਚ ਮੁੱਚ ਧਰਮ ਨਾਲ ਬੋਲਦੇ ਹੋॽ ਕੀ ਤੁਸੀਂ ਆਦਮ ਵੰਸੀਆਂ ਦਾ ਸਿੱਧਾ ਨਿਆਉਂ ਕਰਦੇ ਹੋॽ
2. ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ, ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅੰਨ੍ਹੇਰ ਤੋਲ ਦਿੰਦੇ ਹੋ!
3. ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਓਹ ਜੰਮਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ।
4. ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ,
5. ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ।
6. ਹੇ ਪਰਮੇਸ਼ੁਰ, ਉਨ੍ਹਾਂ ਦਿਆਂ ਦੰਦਾਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਯਹੋਵਾਹ, ਜੁਆਨ ਬਬਰ ਸ਼ੇਰਾਂ ਦੀਆਂ ਹੁੱਡਾਂ ਨੂੰ ਪੁੱਟ ਸੁੱਟ!
7. ਓਹ ਵਗਦੇ ਪਾਣੀ ਵਾਂਙੁ ਰਹਿ ਜਾਣ, ਜਦ ਉਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਮਾਨੋ, ਟੋਟੇ ਟੋਟੇ ਹੋ ਜਾਣ!
8. ਓਹ ਘੋਗੇ ਵਾਂਙੁ ਹੋਣ ਜੋ ਗਲ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭ ਪਾਤ ਵਾਂਙੁ ਜਿਸ ਸੂਰਜ ਨਹੀਂ ਵੇਖਿਆ!।
9. ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ।।
10. ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਚਰਨ ਧੋਵੇਗਾ।
11. ਤਾਂ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, ਸੱਚ ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਉਂ ਕਰਦਾ ਹੈ!।।