1. ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾਂ ਲਵਾਂਗਾ, ਸੋਂ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ
2. ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ?
3. ਮੈਂ ਆਪਣੇ ਮਨ ਵਿੱਚ ਜੁਗਤ ਵਿਚਾਰੀ ਭਈ ਮੈਂ ਆਪਣੇ ਸਰੀਰ ਨੂੰ ਮੈ ਪੀ ਕੇ ਖੁਸ਼ ਕਰਾਂ, ਪਰ ਇਉਂ ਜੋ ਮੇਰਾ ਮਨ ਬੁੱਧ ਵੱਲ ਲੱਗਾ ਰਹੇ, ਅਤੇ ਮੂਰਖਤਾਈ ਨੂੰ ਫੜ ਕੇ ਰੱਖਾਂ ਜਦ ਤੋੜੀ ਨਾ ਵੇਖਾਂ ਜੋ ਕਿਹੜਾ ਕੰਮ ਚੰਗਾ ਹੈ ਜੋ ਆਦਮ ਵੰਸ਼ੀ ਅਕਾਸ਼ ਦੇ ਹੇਠਾਂ ਆਪਣੇ ਜੀਉਣ ਦੇ ਥੋੜੇ ਜੇਹੇ ਦਿਨਾਂ ਵਿੱਚ ਕਰਨ
4. ਮੈਂ ਵੱਡੇ ਵੱਡੇ ਕੰਮ ਕੀਤੇ। ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਾਈਆਂ
5. ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਓਹਨਾਂ ਵਿੱਚ ਭਾਂਤ ਭਾਂਤ ਦੇ ਫਲਾਂ ਵਾਲੇ ਬਿਰਛ ਲਾਏ
6. ਮੈਂ ਆਪਣੇ ਹਰੇ ਬਿਰਛਾਂ ਦੀ ਰੱਖ ਨੂੰ ਸਿੰਜਣ ਦੇ ਲਈ ਤਲਾਓ ਬਣਾਏ
7. ਮੈਂ ਟਹਿਲੀਏ ਅਤੇ ਟਹਿਲਣਾਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਟਹਿਲੀਏ ਵੀ ਸਨ, ਨਾਲੇ ਮੇਰੇ ਕੋਲ ਓਹਨਾਂ ਸਭਨਾਂ ਨਾਲੋਂ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸਨ ਵੱਗਾਂ ਅਤੇ ਇੱਜੜਾਂ ਦੀ ਵਧੀਕ ਜਾਏਦਾਦ ਹੈਸੀ
8. ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਵੱਯੇ ਅਤੇ ਗਾਉਣ ਵਾਲੀਆਂ ਅਤੇ ਆਦਮ ਵੰਸੀਆਂ ਲਈ ਮਨਮੋਹਣੀਆਂ ਸੁਰੀਤਾਂ ਬਹੁਤ ਸਾਰੀਆਂ ਪ੍ਰਾਪਤ ਕੀਤੀਆਂ
9. ਸੋ ਮੈਂ ਵੱਡਾ ਹੋਇਆ ਅਤੇ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਹੋਏ ਨਾਲ ਓਹਨਾਂ ਸਭਨਾਂ ਨਾਲੋਂ ਬਹੁਤ ਵਾਧਾ ਕੀਤਾ, ਨਾਲੇ ਮੇਰੀ ਬੁੱਧ ਵੀ ਮੇਰੇ ਵਿੱਚ ਟਿਕੀ ਰਹੀ
10. ਅਤੇ ਸਭ ਕੁਝ ਜੋ ਮੇਰੀਆਂ ਅੱਖੀਆ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ
11. ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਜੋ ਮੈਂ ਕੰਮ ਕਰਨ ਦੇ ਵਿੱਚ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।।
12. ਤਾਂ ਮੈਂ ਬੁੱਧ ਅਤੇ ਸੁਦਾ ਅਤੇ ਮੂਰਖਤਾਈ ਦੇ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਆਦਮੀ ਜੋ ਪਾਤਸ਼ਾਹ ਦੇ ਪਿੱਛੋਂ ਆਵੇਗਾ, ਕੀ ਕਰੇ? ਬੱਸ, ਓਹੋ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ
13. ਤਦ ਮੈਂ ਡਿੱਠਾ ਭਈ ਜਿਵੇਂ ਚਾਨਣ ਅਨ੍ਹੇਰੇ ਨਾਲੋਂ ਉੱਤਮ ਹੈ ਤਿਵੇਂ ਹੀ ਮੂਰਖਤਾਈ ਨਾਲੋਂ ਬੁੱਧ ਸਰੇਸ਼ਟ ਹੈ
14. ਬੁੱਧਵਾਨ ਦੀਆਂ ਅੱਖੀਆਂ ਸਿਰ ਵਿੱਚ ਰਹਿੰਦੀਆਂ ਸਨ, ਪਰ ਮੂਰਖ ਅਨ੍ਹੇਰੇ ਵਿੱਚ ਤੁਰਦਾ ਹੈ। ਤਾਂ ਵੀ ਮੈਂ ਜਾਣ ਲਿਆ ਜੋ ਸਭਨਾਂ ਲਈ ਇੱਕੋ ਬੀਤਦੀ ਹੈ
15. ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੇਹੀਕੁ ਮੂਰਖ ਉੱਤੇ ਬੀਤਦੀ ਹੈ ਤੇਹੀ ਮੇਰੇ ਉੱਤੇ ਬੀਤੇਗੀ, ਤਾਂ ਫੇਰ ਮੈਂ ਵਧੀਕ ਬੁੱਧਵਾਨ ਕਿਉਂ ਬਣਿਆ? ਸੋ ਮੈਂ ਆਪਣੇ ਮਨ ਵਿੱਚ ਆਖਿਆ ਭਈ ਇਹ ਵੀ ਵਿਅਰਥ ਹੀ ਹੈ।
16. ਕਿਉਂ ਜੋ ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦਾ ਚੇਤਾ ਸਦਾ ਤਾਈਂ ਰਹੇਗਾ, ਏਸ ਲਈ ਭਈ ਆਉਂਣ ਵਾਲਿਆਂ ਸਮਿਆਂ ਵਿੱਚ ਸੱਭੋ ਕੁਝ ਵਿੱਸਰ ਜਾਵੇਗਾ। ਬੁੱਧਵਾਨ ਕਿਸ ਤਰ੍ਹਾਂ ਮਰਦਾ ਹੈ? ਓਸੇ ਤਰ੍ਹਾਂ ਜਿੱਕਰ ਮੂਰਖ!
17. ਸੋ ਮੈਂ ਜੀਉਣ ਤੋਂ ਅੱਕ ਗਿਆ ਕਿਉਂ ਜੋ ਉਹ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ ਏਸ ਲਈ ਜੋ ਸਭ ਵਿਅਰਥ ਅਤੇ ਹਵਾ ਦਾ ਫੱਕਣਾ ਹੈ
18. ਸਗੋਂ ਮੈਂ ਆਪਣੇ ਸਾਰੇ ਮਿਹਨਤ ਦੇ ਕੰਮ ਨਾਲ ਜੋ ਸੂਰਜ ਦੇ ਹੇਠ ਕੀਤਾ ਸੀ ਅੱਕ ਗਿਆ ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਜੋ ਮੈਥੋਂ ਪਿੱਛੋਂ ਆਵੇਗਾ ਛੱਡਣਾ ਪਵੇਗਾ।
19. ਕੌਣ ਜਾਣਦਾ ਹੈ ਜੋ ਉਹ ਬੁੱਧਵਾਨ ਹੋਵੇਗਾ ਯਾ ਮੂਰਖ? ਤਾਂ ਵੀ ਉਹ ਮੇਰੀ ਸਾਰੀ ਮਿਹਨਤ ਦੇ ਕੰਮ ਉੱਤੇ ਜੋ ਮੈਂ ਕੀਤਾ ਅਤੇ ਜਿਹ ਦੇ ਉੱਤੇ ਸੂਰਜ ਦੇ ਹੇਠ ਮੈਂ ਆਪਣੀ ਬੁੱਧ ਖਰਚ ਕੀਤੀ, ਮਾਲਕ ਬਣੇਗਾ! ਇਹ ਵੀ ਵਿਅਰਥ ਹੈ
20. ਤਦ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੇਠ ਕੀਤਾ ਸੀ ਨਿਰਾਸ ਕੀਤਾ
21. ਕਿਉਂ ਜੋ ਇੱਕ ਜਣਾ ਹੈ ਜਿਹ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਛੱਡ ਜਾਵੇਗਾ ਭਈ ਉਹ ਦੀ ਵੰਡ ਹੋਵੇ। ਇਹ ਵੀ ਵਿਅਰਥ ਅਤੇ ਡਾਢੀ ਬਿਪਤਾ ਹੈ
22. ਭਲਾ, ਆਦਮੀ ਨੂੰ ਆਪਣੇ ਸਾਰੇ ਧੰਦੇ ਅਤੇ ਮਨ ਦੇ ਕਸ਼ਟ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਸੀ ਕੀ ਲਾਭ ਹੁੰਦਾ ਹੈ?
23. ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਕੀਤਾ ਹੁੰਦਾ। ਇਹ ਵੀ ਵਿਅਰਥ ਹੈਂ!।।
24. ਸੋ ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ। ਮੈਂ ਡਿੱਠਾ ਜੋ ਇਹ ਵੀ ਪਰਮੇਸ਼ੁਰ ਦੇ ਹੱਥੋਂ ਹੈ
25. ਉਸ ਤੋਂ ਵੱਖਰਾ ਕੌਣ ਖਾ ਸੱਕਦਾ ਤੇ ਕੌਣ ਅਨੰਦ ਭੋਗ ਸੱਕਦਾ ਹੈ?
26. ਕਿਉਂ ਜੋ ਪਰਮੇਸ਼ੁਰ ਉਸ ਆਦਮੀ ਨੂੰ ਜੋ ਉਸ ਦੀ ਦ੍ਰਿਸ਼ਟੀ ਵਿੱਚ ਭਲਾ ਹੈ ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ, ਪਰ ਪਾਪੀ ਨੂੰ ਦੁੱਖ ਦਿੰਦਾ ਹੈ ਜੋ ਉਹ ਇਕੱਠਾ ਕਰ ਕੇ ਅਤੇ ਜੋੜ ਕੇ ਉਸ ਨੂੰ ਦੇਵੇ ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!।।