ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਖ਼ਰੋਜ 12:1

Notes

No Verse Added

ਖ਼ਰੋਜ 12:1

1
ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ
2
ਏਹ ਮਹੀਨਾ ਤੁਹਾਡੇ ਮਹੀਨਿਆਂ ਦਾ ਅਰੰਭ ਹੋਵੇਗਾ ਅਰ ਏਹ ਤੁਹਾਡੇ ਵਰਹੇ ਦੇ ਮਹੀਨਿਆਂ ਵਿੱਚ ਪਹਿਲਾ ਹੈ
3
ਇਸਰਾਏਲ ਦੀ ਸਾਰੀ ਮੰਡਲੀ ਨੂੰ ਏਹ ਬੋਲੋ ਕਿ ਏਸ ਮਹੀਨੇ ਦੀ ਦਸਵੀਂ ਨੂੰ ਇੱਕ ਇੱਕ ਜਣਾ ਆਪੋ ਆਪਣੇ ਪਿਤ੍ਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਇੱਕ ਲੇਲਾ ਲਵੇ
4
ਅਰ ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗਵਾਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ ਅਰ ਤੁਸੀਂ ਇੱਕ ਮਨੁੱਖ ਦੇ ਖਾਣ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ
5
ਤੁਹਾਡਾ ਲੇਲਾ ਬੱਜ ਤੋਂ ਰਹਿਤ ਅਰ ਇੱਕ ਵਰਹੇ ਦਾ ਨਰ ਹੋਵੇ। ਤੁਸੀਂ ਭੇਡਾਂ ਯਾ ਬਕਰੀਆਂ ਤੋਂ ਲਿਓ
6
ਅਤੇ ਤੁਸੀਂ ਉਸ ਨੂੰ ਏਸ ਮਹੀਨੇ ਦੀ ਚੋਧਵੀਂ ਤੀਕ ਰੱਖ ਛੱਡਣਾ ਅਰ ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ
7
ਅਰ ਓਹ ਉਸ ਦੇ ਲਹੂ ਵਿੱਚੋਂ ਲੈਕੇ ਉਨ੍ਹਾਂ ਘਰਾਂ ਦੇ ਜਿੱਥੇ ਓਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ
8
ਫੇਰ ਓਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ
9
ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨ੍ਹਿਆ ਹੋਇਆ ਕਦੀ ਨਾ ਖਾਓ ਸਗੋਂ ਅੱਗ ਨਾਲ ਭੁੰਨਿਆਂ ਹੋਇਆ ਸਿਰੀ ਅਤੇ ਪੈਰਾਂ ਅਤੇ ਆਂਦਰਾਂ ਸਣੇ
10
ਅਰ ਤੁਸੀਂ ਸਵੇਰ ਤੀਕ ਉਹ ਦੇ ਵਿੱਚੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਤੀਕ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ
11
ਅਤੇ ਤੁਸਾਂ ਉਸ ਨੂੰ ਐਉਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀਂ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਏਹ ਯਹੋਵਾਹ ਦਾ ਪਸਾਹ ਹੈ
12
ਮੈਂ ਉਸ ਰਾਤ ਮਿਸਰ ਦੇਸ ਦੇ ਵਿੱਚ ਦੀ ਲੰਘਾਂਗਾ ਅਰ ਮਿਸਰ ਦੇਸ ਦੇ ਪਲੋਠੇ ਭਾਂਵੇ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਅਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉਂ ਕਰਾਂਗਾ। ਮੈਂ ਯਹੋਵਾਹ ਹਾਂ
13
ਅਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਅਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ
14
ਅਰ ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਰ ਤੁਸੀਂ ਏਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਏਸ ਨੂੰ ਸਦੀਪਕ ਬਿਧੀ ਦਾ ਪਰਬ ਮਨਾਇਓ।।
15
ਤੁਸੀਂ ਸੱਤ ਦਿਨ ਤੀਕ ਪਤੀਰੀ ਰੋਟੀ ਖਾਓ। ਪਹਿਲੇ ਹੀ ਦਿਨ ਖ਼ਮੀਰ ਆਪਣਿਆਂ ਘਰਾਂ ਤੋਂ ਬਾਹਰ ਕੱਢ ਦੇਣਾ ਕਿਉਂ ਕਿ ਜਿਹੜਾ ਪਹਿਲੇ ਦਿਨ ਤੋਂ ਸੱਤਵੇਂ ਦਿਨ ਤੀਕ ਕਦੀ ਖ਼ਮੀਰੀ ਰੋਟੀ ਖਾਵੇਗਾ ਉਹ ਪਰਾਣੀ ਇਸਰਾਏਲ ਵਿੱਚੋਂ ਛੇਕਿਆ ਜਾਵੇਗਾ
16
ਅਰ ਪਹਿਲੇ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇਗੀ ਅਤੇ ਸੱਤਵੇਂ ਦਿਨ ਵੀ ਤੁਹਾਡੀ ਪਵਿੱਤ੍ਰ ਸਭਾ ਹੋਵੇਗੀ ਇਨ੍ਹਾਂ ਵਿੱਚ ਕੋਈ ਕੰਮ ਨਾ ਕੀਤਾ ਜਾਵੇ ਨਿਰਾ ਉਹੋ ਜਿਹੜਾ ਹਰ ਇੱਕ ਪਰਾਣੀ ਦੇ ਖਾਣ ਲਈ ਹੋਵੇ, ਤੁਸੀਂ ਓੱਨਾ ਹੀ ਕਰਿਓ
17
ਅਤੇ ਤੁਸੀਂ ਏਹ ਪਤੀਰੀ ਰੋਟੀ ਦਾ ਪਰਬ ਮਨਾਇਆ ਕਰੋ ਕਿਉਂ ਕਿ ਏਸੇ ਹੀ ਦਿਨ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ ਤੋਂ ਬਾਹਰ ਕੱਢਿਆ ਸੀ ਏਸ ਕਰਕੇ ਤੁਸੀਂ ਏਹ ਦਿਨ ਆਪਣੀਆਂ ਪੀੜ੍ਹੀਆਂ ਤੀਕ ਸਦਾ ਦੀ ਬਿਧੀ ਲਈ ਮਨਾਇਆ ਕਰੋ
18
ਪਹਿਲੇ ਮਹਿਨੇ ਦੀ ਚੌਧਵੀਂ ਦੀ ਸ਼ਾਮਾਂ ਤੋਂ ਇੱਕੀ ਤਰੀਕ ਦੀ ਸ਼ਾਮ ਤੀਕ ਤੁਸੀਂ ਪਤੀਰੀ ਰੋਟੀ ਖਾਓ
19
ਸੱਤਾਂ ਦਿਨਾਂ ਤੀਕ ਤੁਹਾਡਿਆਂ ਘਰਾਂ ਵਿੱਚ ਖ਼ਮੀਰ ਨਾ ਲੱਭੇ ਕਿਉਂ ਕਿ ਜਿਹੜਾ ਖ਼ਮੀਰੀ ਚੀਜ ਖਾਵੇਗਾ ਉਹ ਪਰਾਣੀ ਇਸਰਾਏਲ ਦੀ ਮੰਡਲੀ ਵਿੱਚੋ ਛੇਕਿਆ ਜਾਵੇਗਾ ਭਾਵੇਂ ਓਪਰਾ ਹੋਵੇ ਭਾਵੇਂ ਦੇਸ ਵਿੱਚ ਜੰਮਿਆ ਹੋਇਆ
20
ਤੁਸੀਂ ਕੋਈ ਖ਼ਮੀਰੀ ਵਸਤ ਨਾ ਖਾਓ ਅਰ ਤੁਸੀਂ ਆਪਣਿਆਂ ਸਾਰਿਆਂ ਟਿਕਾਣਿਆਂ ਵਿੱਚ ਪਤੀਰੀ ਰੋਟੀ ਖਾਇਓ।।
21
ਤਾਂ ਮੂਸਾ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਆਖਿਆ, ਆਪੋ ਆਪਣੇ ਟੱਬਰ ਅਨੁਸਾਰ ਲੇਲਿਆਂ ਨੂੰ ਕੱਢ ਲਵੋ ਅਰ ਪਸਾਹ ਲਈ ਕੱਟੋ
22
ਤੁਸੀਂ ਇੱਕ ਜ਼ੂਫੇ ਦੀ ਗੁੱਛੀ ਲੈਕੇ ਉਸ ਨੂੰ ਲਹੂ ਵਿੱਚ ਜਿਹੜਾ ਭਾਂਡੇ ਵਿੱਚ ਹੈ ਡਬੋ ਕੇ ਸੇਰੂ ਅਰ ਬੂਹੇ ਦੀਆਂ ਦੋਹਾਂ ਬਾਹੀਆਂ ਉੱਤੇ ਉਸ ਲਹੂ ਨੂੰ ਜਿਹੜਾ ਭਾਂਡੇ ਵਿੱਚ ਹੈ ਲਾਓ ਅਤੇ ਤੁਹਾਡੇ ਵਿੱਚੋਂ ਕੋਈ ਸਵੇਰ ਤੀਕ ਆਪਣੇ ਘਰ ਦੇ ਬੂਹੇ ਤੋਂ ਬਾਹਰ ਨਾ ਜਾਵੇ
23
ਕਿਉਂਕਿ ਯਹੋਵਾਹ ਮਿਸਰੀਆਂ ਦੇ ਮਾਰਨ ਲਈ ਲੰਘੇਗਾ ਅਰ ਜਦ ਉਹ ਸੇਰੂ ਅਤੇ ਦੋਹਾਂ ਬਾਹੀਆਂ ਉੱਤੇ ਲਹੂ ਨੂੰ ਵੇਖੇਗਾ ਤਾਂ ਯਹੋਵਾਹ ਉਸ ਬੂਹੇ ਤੋਂ ਪਾਸਾ ਦੇਕੇ ਲੰਘ ਜਾਵੇਗਾ ਅਰ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ
24
ਤੁਸੀਂ ਆਪਣੇ ਅਰ ਆਪਣੇ ਪੁੱਤ੍ਰਾਂ ਲਈ ਏਸ ਗੱਲ ਨੂੰ ਸਦਾ ਦੀ ਬਿਧੀ ਮਨਾਇਆ ਕਰੋ
25
ਅਰ ਐਉਂ ਹੋਵੇ ਕਿ ਜਦ ਤੁਸੀਂ ਉਸ ਦੇਸ ਵਿੱਚ ਵੜੋ ਜਿਹੜਾ ਯਹੋਵਾਹ ਆਪਣੇ ਕੀਤੇ ਹੋਏ ਬਚਨ ਦੇ ਅਨੁਸਾਰ ਤੁਹਾਨੂੰ ਦੇਵੇਗਾ ਤਾਂ ਤੁਸੀਂ ਏਸ ਰੀਤੀ ਨੂੰ ਮਨਾਇਆ ਕਰਿਓ
26
ਅਰ ਅਜੇਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤ੍ਰ ਤੁਹਾਨੂੰ ਪੁੱਛਣ ਕਿ ਤੁਹਾਡਾ ਏਸ ਰੀਤੀ ਤੋਂ ਕੀ ਮਤਲਬ ਹੈ?
27
ਤਾਂ ਤੁਸੀਂ ਆਖਿਓ ਕਿ ਏਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ। ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ
28
ਫੇਰ ਇਸਰਾਏਲੀਆਂ ਨੇ ਜਾ ਕੇ ਓਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।।
29
ਤਾਂ ਅੱਧੀ ਰਾਤ ਨੂੰ ਐਉਂ ਹੋਇਆ ਕਿ ਯਹੋਵਾਹ ਨੇ ਮਿਸਰ ਦੇਸ ਦੇ ਹਰ ਇੱਕ ਪਲੋਠੇ ਨੂੰ ਫ਼ਿਰਊਨ ਦੇ ਪਲੋਠੇ ਤੋਂ ਲੈਕੇ ਜਿਹੜਾ ਉਹ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਸੀ ਉਸ ਬੰਧੂਏ ਦੇ ਪਲੋਠੇ ਤੀਕ ਜਿਹੜਾ ਭੋਰੇ ਵਿੱਚ ਸੀ ਨਾਲੇ ਡੰਗਰ ਦੇ ਹਰ ਇੱਕ ਪਲੋਠੇ ਨੂੰ ਮਾਰ ਸੁੱਟਿਆ
30
ਤਾਂ ਫ਼ਿਰਊਨ ਉਸ ਰਾਤ ਨੂੰ ਉੱਠਿਆ ਨਾਲੇ ਉਸ ਦੇ ਸਾਰੇ ਟਹਿਲੂਏ ਅਰ ਸਾਰੇ ਮਿਸਰੀ ਅਤੇ ਮਿਸਰ ਵਿੱਚ ਵੱਡਾ ਸਿਆਪਾ ਹੋਇਆ ਕਿਉਂ ਕਿ ਕੋਈ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਾ ਹੋਵੇ
31
ਤਾਂ ਉਸ ਨੇ ਮੂਸਾ ਅਤੇ ਹਾਰੂਨ ਨੂੰ ਰਾਤੀਂ ਬੁਲਵਾ ਕੇ ਆਖਿਆ, ਉੱਠੋ ਅਰ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ ਤੁਸੀਂ ਵੀ ਅਰ ਇਸਰਾਏਲੀ ਵੀ ਅਰ ਜਾ ਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ
32
ਆਪਣੇ ਇੱਜੜ ਵੀ ਅਤੇ ਆਪਣੇ ਵੱਗ ਵੀ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਅਤੇ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣੀ
33
ਅਰ ਉਨ੍ਹਾਂ ਲੋਕਾਂ ਉੱਤੇ ਮਿਸਰੀ ਕੱਸ ਪਾਉਣ ਲੱਗੇ ਕਿ ਓਹ ਉਨ੍ਹਾਂ ਨੂੰ ਉਸ ਦੇਸ ਵਿੱਚੋਂ ਛੇਤੀ ਕੱਢ ਲੈਣ ਕਿਉਂ ਕਿ ਉਨ੍ਹਾਂ ਨੇ ਆਖਿਆ, ਅਸੀਂ ਸਾਰੇ ਮਰ ਗਏ!
34
ਉਨ੍ਹਾਂ ਲੋਕਾਂ ਨੇ ਗੁੰਨ੍ਹਿਆਂ ਹੋਇਆ ਆਟਾ ਖ਼ਮੀਰ ਹੋਣ ਤੋਂ ਪਹਿਲਾਂ ਹੀ ਪਰਾਤੜਿਆਂ ਸਣੇ ਆਪਣਿਆਂ ਲੀੜਿਆਂ ਵਿੱਚ ਬੰਨ੍ਹ ਕੇ ਆਪਣੇ ਮੋਢਿਆਂ ਉੱਤੇ ਚੁੱਕ ਲਿਆ
35
ਅਰ ਇਸਰਾਏਲੀਆਂ ਨੇ ਮੂਸਾ ਦੇ ਬੋਲਣ ਦੇ ਅਨੁਸਾਰ ਕੀਤਾ ਅਰ ਮਿਸਰੀਆਂ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਅਤੇ ਲੀੜੇ ਉਨ੍ਹਾਂ ਨੇ ਮੰਗ ਲਏ
36
ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਨ ਦਿੱਤਾ ਸੋ ਉਨ੍ਹਾਂ ਨੇ ਜੋ ਮੰਗਿਆ ਉਨ੍ਹਾਂ ਨੇ ਦੇ ਦਿੱਤਾ। ਐਉਂ ਉਨ੍ਹਾਂ ਨੇ ਮਿਸਰੀਆਂ ਨੂੰ ਲੁੱਟ ਲਿਆ।।
37
ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਵੱਲ ਕੂਚ ਕੀਤਾ ਅਤੇ ਨਿਆਣਿਆਂ ਤੋਂ ਬਿਨਾ ਛੇਕੁ ਲੱਖ ਮਨੁੱਖ ਪਾ ਪਿਆਦੇ ਸਨ
38
ਉਨ੍ਹਾਂ ਦੇ ਨਾਲ ਮਿਲੀ ਜੁਲੀ ਭੀੜ ਵੀ ਗਈ ਨਾਲੇ ਇੱਜੜ ਅਰ ਚੌਣੇ ਅਰਥਾਤ ਢੇਰ ਸਾਰੇ ਪਸੂ ਸਨ
39
ਅਤੇ ਉਨ੍ਹਾਂ ਨੇ ਗੁੰਨ੍ਹੇ ਹੋਏ ਆਟੇ ਦੀਆਂ ਜਿਹੜਾ ਮਿਸਰ ਤੋਂ ਲਿਆਏ ਸਨ ਪਤੀਰੀਆਂ ਰੋਟੀਆਂ ਪਕਾਈਆਂ ਕਿਉਂ ਜੋ ਉਹ ਏਸ ਲਈ ਖ਼ਮੀਰ ਨਹੀਂ ਹੋਇਆ ਸੀ ਭਈ ਓਹ ਮਿਸਰੋਂ ਧੱਕੇ ਗਏ ਸਨ ਅਰ ਉੱਥੇ ਠਹਿਰ ਨਾ ਸੱਕੇ ਨਾ ਆਪਣੇ ਲਈ ਰੋਟੀ ਬਣਾ ਸੱਕੇ
40
ਇਸਰਾਏਲੀਆਂ ਦੇ ਮਿਸਰ ਵਿੱਚ ਵਸੇਬੇ ਦਾ ਸਮਾਂ ਚਾਰ ਸੌ ਤੀਹ ਵਰਹੇ ਸੀ
41
ਚਾਰ ਸੌ ਤੀਹ ਵਰਿਹਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸੇ ਦਿਨ ਯਹੋਵਾਹ ਦੀਆਂ ਸਾਰੀਆਂ ਸੈਨਾਂ ਮਿਸਰ ਦੇਸ ਤੋਂ ਨਿੱਕਲ ਗਈਆਂ
42
ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢਣ ਦੇ ਕਾਰਨ ਏਹ ਇੱਕ ਰਾਤ ਹੈ ਜਿਹੜੀ ਯਹੋਵਾਹ ਲਈ ਮਨਾਉਣ ਵਾਲੀ ਹੈ। ਇਹੋ ਯਹੋਵਾਹ ਦੀ ਉਹ ਰਾਤ ਹੈ ਜਿਹੜੀ ਸਾਰੇ ਇਸਰਾਏਲੀਆਂ ਦੀਆਂ ਕੁੱਲ ਪੀੜ੍ਹੀਆਂ ਤੀਕ ਮਨਾਉਣ ਵਾਲੀ ਹੈ।।
43
ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਏਹ ਪਸਾਹ ਦੀ ਬਿਧੀ ਹੈ। ਕੋਈ ਓਪਰਾ ਉਸ ਵਿੱਚੋਂ ਨਾ ਖਾਵੇ
44
ਪਰ ਮਨੁੱਖ ਦਾ ਹਰ ਟਹਿਲੂਆ ਚਾਂਦੀ ਨਾਲ ਮੁਲ ਲਿਆ ਹੋਇਆ ਜਦ ਉਸ ਦੀ ਸੁੰਨਤ ਕਰ ਦਿੱਤੀ ਹੋਵੇ ਤਦ ਉਹ ਉਸ ਵਿੱਚੋਂ ਖਾਵੇ
45
ਪਰਦੇਸੀ ਅਤੇ ਮਜੂਰ ਉਸ ਵਿੱਚੋ ਨਾ ਖਾਣ
46
ਇੱਕੋ ਹੀ ਘਰ ਵਿੱਚ ਉਹ ਖਾਧਾ ਜਾਵੇ। ਤੁਸੀਂ ਉਸ ਘਰ ਤੋਂ ਬਾਹਰ ਮਾਸ ਵਿੱਚੋਂ ਕੁਝ ਨਾ ਲੈ ਜਾਇਓ, ਨਾ ਉਸ ਦੀ ਕੋਈ ਹੱਡੀ ਤੋੜਿਓ
47
ਇਸਰਾਏਲ ਦੀ ਸਾਰੀ ਮੰਡਲੀ ਉਸ ਨੂੰ ਮਨਾਇਆ ਕਰੇ
48
ਜਦ ਤੁਹਾਡੇ ਨਾਲ ਕੋਈ ਓਪਰਾ ਟਿਕਿਆ ਹੋਇਆ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਕਰਨੀ ਚਾਹੇ ਤਦ ਉਸ ਦੇ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ ਫੇਰ ਉਹ ਨੇੜੇ ਆਕੇ ਉਹ ਨੂੰ ਮਨਾਵੇ ਅਤੇ ਐਉਂ ਉਹ ਦੇਸ ਦੇ ਜੰਮੇ ਹੋਏ ਵਾਂਙੁ ਹੋਵੇਗਾ ਪਰ ਅਣ ਸੁੰਨਤਾ ਨਰ ਉਸ ਵਿੱਚੋਂ ਨਾ ਖਾਵੇ
49
ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਵੱਸਦਾ ਹੈ ਇੱਕੋ ਹੀ ਬਿਵਸਥਾ ਹੋਵੇਗੀ
50
ਤਾਂ ਸਾਰੇ ਇਸਰਾਏਲੀਆਂ ਨੇ ਓਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ
51
ਅਤੇ ਉਸੇ ਦਿਨ ਐਉਂ ਹੋਇਆ ਕਿ ਯਹੋਵਾਹ ਇਸਰਾਏਲੀਆਂ ਦੇ ਦਲਾਂ ਦੇ ਦਲ ਮਿਸਰ ਦੇਸ ਤੋਂ ਕੱਢ ਲਿਆਇਆ।।
×

Alert

×

punjabi Letters Keypad References