ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਪਰਕਾਸ਼ ਦੀ ਪੋਥੀ

Notes

No Verse Added

History

No History Found

ਪਰਕਾਸ਼ ਦੀ ਪੋਥੀ 1

1
ਯਿਸੂ ਮਸੀਹ ਦਾ ਪਰਕਾਸ਼ ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ ਉਹ ਦਾ ਪਤਾ ਦਿੱਤਾ
2
ਜਿਹ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਓਹਨਾਂ ਸਭਨਾਂ ਗੱਲਾਂ ਦੀ ਜੋ ਓਨ ਵੇਖੀਆਂ ਸਾਖੀ ਦਿੱਤੀ
3
ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾ ਨੇੜੇ ਹੈ।।
4
ਲਿਖਤੁਮ ਯੂਹੰਨਾ, ਅੱਗੇ ਜੋਗ ਉਨ੍ਹਾਂ ਸੱਤਾਂ ਕਲੀਸਿਯਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ ਉਹ ਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ ਨਾਲੇ ਓਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ
5
ਨਾਲੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ ਉਹ ਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ
6
ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹ ਦੇ ਪਰਮੇਸ਼ੁਰ ਅਤੇ ਪਿਤਾ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪ੍ਰਾਕਰਮ ਜੁੱਗੋ ਜੁੱਗ ਹੋਵੇ!।। ਆਮੀਨ।।
7
ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਓਹ ਵੀ ਵੇਖਣਗੇ, ਅਤੇ ਧਰਤੀ ਦੀਆ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ ਹਾਂ!।। ਆਮੀਨ।।
8
ਮੈਂ ਅਲਫਾ ਅਤੇ ਓਮੇਗਾ ਹਾਂ ਇਹ ਆਖਣਾ ਪ੍ਰਭੁ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਬ ਸ਼ਕਤੀਮਾਨ ਹੈ।।
9
ਮੈਂ ਯੂਹੰਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਓਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ ਪਰਮੇਸੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਓਸ ਟਾਪੂ ਵਿੱਚ ਸਾਂ ਜਿਹੜਾ ਪਾਤਮੁਸ ਕਰਕੇ ਸਦਾਉਂਦਾ ਹੈ
10
ਮੈਂ ਪ੍ਰਭੁ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਦੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ
11
ਭਈ ਜੋ ਕੁਝ ਤੂੰ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਂ ਨੂੰ ਘੱਲ ਦਿਹ ਅਰਥਾਤ ਅਫ਼ਸੁਸ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ
12
ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਵਿੰਆ ਅਤੇ ਜਾਂ ਭਵਿੰਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ
13
ਅਤੇ ਓਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤ੍ਰ ਦੀ ਨਿਆਈਂ ਕੋਈ ਵੇਖਿਆ ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ
14
ਉਹ ਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈਂ ਚਿੱਟੇ ਸਗੋਂ ਬਰਫ ਦੇ ਸਮਾਨ ਸਨ ਅਤੇ ਉਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ
15
ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਸਨ ਭਈ ਜਾਣੀਦਾ ਉਹ ਭੱਠੀ ਵਿੱਚ ਤਾਇਆ ਹੋਇਆ ਹੈ ਅਤੇ ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ
16
ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੁਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ ਅਤੇ ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ
17
ਜਾਂ ਮੈਂ ਉਹ ਨੂੰ ਡਿੱਠਾ ਤਾਂ ਉਹ ਦੀ ਪੈਰੀਂ ਮੁਰਦੇ ਵਾਂਙੁ ਡਿੱਗ ਪਿਆ ਤਾਂ ਉਹ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਪਿਛਲਾ ਹਾਂ
18
ਅਤੇ ਜੀਉਂਦਾ ਹਾਂ ਮੈਂ ਮੁਰਦਾ ਸਾਂ ਅਰ ਵੇਖ, ਮੈਂ ਜੁੱਗੋ ਜੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ
19
ਇਸ ਲਈ ਜੋ ਕੁਝ ਤੈਂ ਵੇਖਿਆ, - ਅਤੇ ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ
20
ਅਰਥਾਤ ਉਹਨਾਂ ਸੱਤਾਂ ਤਾਰਿਆਂ ਦਾ ਭੇਤ ਜਿਹੜੇ ਤੈਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਸਨ ਅਤੇ ਉਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦਾ। ਓਹ ਸੱਤ ਤਾਰੇ ਸੱਤਾਂ ਕਲੀਸਿਯਾਂ ਦੇ ਦੂਤ ਹਨ ਅਤੇ ਓਹ ਸੱਤ ਸ਼ਮਾਦਾਨ ਸੱਤ ਕਲੀਸਿਯਾਂ ਹਨ।।
×

Alert

×

punjabi Letters Keypad References