ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਲੋਕਾ

Notes

No Verse Added

History

No History Found

ਲੋਕਾ 1

1
ਜਿਸ ਹਾਲ ਵਿੱਚ ਬਹੁਤਿਆਂ ਨੇ ਉਨ੍ਹਾਂ ਗੱਲਾਂ ਦਾ ਵਿਰਤਾਂਤ ਲਿਖਣ ਨੂੰ ਲੱਕ ਬੰਨ੍ਹਿਆਂ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ
2
ਜਿਵੇਂ ਉਨ੍ਹਾਂ ਨੇ ਸਾਨੂੰ ਸੌਪਿਆ ਜਿਹੜੇ ਮੁਢੋਂ ਆਪਣੀਂ ਅੱਖੀਂ ਵੇਖਣ ਵਾਲੇ ਅਤੇ ਬਚਨ ਦੇ ਸੇਵਕ ਸਾਂ
3
ਹੇ ਸਰਬ ਉਪਮਾ ਜੋਗ ਥਿਉਫਿਲੁਸ ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕਰ ਕੇ ਉਚਿਤ ਜਾਣਿਆ ਭਈ ਤੇਰੇ ਲਈ ਜਿਵੇਂ ਹੋਇਆ ਹੈ ਤਿਵੇਂ ਲਿਖਾਂ
4
ਤਾਂ ਜੋ ਤੂੰ ਉਨ੍ਹਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੈਂ ਸਿੱਖਿਆ ਪਾਈ।।
5
ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਦਿਨੀਂ ਅਬੀਯਾਹ ਦੇ ਵਾਰੀ ਵਾਲਿਆਂ ਵਿੱਚੋਂ ਜ਼ਕਰਯਾਹ ਕਰਕੇ ਇੱਕ ਜਾਜਕ ਸੀ ਅਤੇ ਉਹ ਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਅਰ ਉਹ ਦਾ ਨਾਉਂ ਸੀ ਇਲੀਸਬਤ
6
ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਸਨ ਅਰ ਪ੍ਰਭੁ ਦੇ ਸਾਰੇ ਹੁਕਮਾਂ ਅਤੇ ਬਿਧਾਂ ਤੇ ਨਿਰਦੋਖ ਚੱਲਦੇ ਸਨ
7
ਉਨ੍ਹਾਂ ਦੇ ਉਲਾਦ ਨਾ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਰ ਦੋਵੇਂ ਵੱਡੀ ਉਮਰ ਦੇ ਸਨ
8
ਅਤੇ ਐਉਂ ਹੋਇਆ ਕਿ ਜਾਂ ਉਹ ਪਰਮੇਸ਼ੁਰ ਦੀ ਦਰਗਾਹੇ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰਦਾ ਸੀ
9
ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਣਾ ਉਹ ਦੇ ਨਾਉਂ ਦਾ ਨਿੱਕਲਿਆ ਭਈ ਪ੍ਰਭੁ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ
10
ਅਤੇ ਧੂਪ ਧੁਖਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ
11
ਤਦ ਉਹ ਨੂੰ ਪ੍ਰਭੁ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਦਿੱਸਿਆ
12
ਅਤੇ ਜ਼ਕਰਯਾਹ ਵੇਖ ਕੇ ਘਬਰਾਇਆ ਅਰ ਉਹ ਨੂੰ ਡਰ ਲੱਗਾ
13
ਪਰ ਦੂਤ ਨੇ ਉਹ ਨੂੰ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਅਰ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਯੂਹੰਨਾ ਰੱਖਣਾ
14
ਅਰ ਤੈਨੂੰ ਖੁਸ਼ੀ ਅਤੇ ਆਨੰਦ ਹੋਵੇਗਾ ਅਰ ਬਥੇਰੇ ਉਹ ਦੇ ਜੰਮਣ ਤੋਂ ਖੁਸ਼ ਹੋਣਗੇ
15
ਕਿਉਂਕਿ ਉਹ ਪ੍ਰਭੁ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈ ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤ੍ਰ ਆਤਮਾ ਨਾਲ ਭਰ ਜਾਵੇਗਾ
16
ਅਤੇ ਇਸਰਾਏਲ ਦੀ ਉਲਾਦ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਪ੍ਰਭੁ ਦੀ ਵੱਲ ਮੋੜੇਗਾ
17
ਉਹ ਉਸ ਦੇ ਅੱਗੇ ਅੱਗੇ ਏਲੀਯਾਹ ਦੇ ਆਤਮਾ ਅਰ ਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਦੀ ਵੱਲ ਮੋੜੇ ਭਈ ਪ੍ਰਭੁ ਦੇ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ
18
ਤਾਂ ਜ਼ਕਰਯਾਹ ਨੇ ਦੂਤ ਨੂੰ ਆਖਿਆ, ਮੈਂ ਇਹ ਕਿੱਕੁਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ?
19
ਦੂਤ ਨੇ ਉਹ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ ਜੋ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਰਹਿੰਦਾ ਅਤੇ ਇਸ ਲਈ ਘੱਲਿਆ ਹੋਇਆ ਹਾਂ ਭਈ ਤੇਰੇ ਨਾਲ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ
20
ਵੇਖ ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਂਣ ਤੂੰ ਚੁੱਪ ਰਹੇਂਗਾ ਅਤੇ ਬੋਲ ਨਾ ਸੱਕੇਂਗਾ ਇਸ ਲਈ ਜੋ ਤੈਂ ਮੇਰੀਆਂ ਗੱਲਾਂ ਨੂੰ ਸਤ ਨਾ ਮੰਨਿਆ ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ
21
ਅਤੇ ਲੋਕ ਜ਼ਕਰਯਾਹ ਦਾ ਰਾਹ ਵੇਖਦੇ ਸਨ ਅਰ ਹੈਕਲ ਵਿੱਚ ਉਹ ਦੇ ਚਿਰ ਲਾਉਣ ਕਰਕੇ ਹੈਰਾਨ ਹੁੰਦੇ ਸਨ
22
ਫੇਰ ਜਾਂ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸੱਕਿਆ ਅਤੇ ਉਨ੍ਹਾਂ ਮਾਲੂਮ ਕੀਤਾ ਜੋ ਉਹ ਨੇ ਹੈਕਲ ਵਿੱਚ ਕੋਈ ਪਰਤੱਖ ਰੋਇਆ ਵੇਖੀ ਹੈ ਅਰ ਉਹ ਉਨ੍ਹਾਂ ਨੂੰ ਸੈਨਤਾਂ ਮਾਰਦਾ ਸੀ ਅਤੇ ਗੂੰਗਾ ਰਹਿ ਗਿਆ
23
ਤਾਂ ਐਉਂ ਹੋਇਆ ਕਿ ਜਦ ਉਹ ਦੀ ਸੇਵਾ ਦੇ ਦਿਨ ਪੂਰੇ ਹੋਏ ਤਦ ਉਹ ਆਪਣੇ ਘਰ ਚੱਲਿਆ ਗਿਆ।।
24
ਫੇਰ ਉਨ੍ਹਾਂ ਦਿਨਾਂ ਦੇ ਪਿੱਛੋਂ ਉਹ ਦੀ ਪਤਨੀ ਇਲੀਸਬਤ ਗਰਭਵੰਤੀ ਹੋਈ ਅਤੇ ਉਹ ਨੇ ਪੰਜਾਂ ਮਹੀਨਿਆਂ ਤੀਕਰ ਆਪਣੇ ਤਾਈਂ ਇਹ ਕਹਿ ਕੇ ਲੁਕਾਇਆ
25
ਕਿ ਪ੍ਰਭੁ ਨੇ ਜਿਨ੍ਹੀਂ ਦਿਨੀਂ ਮੇਰੇ ਉੱਤੇ ਨਿਗਾਹ ਕੀਤੀ ਮੇਰੇ ਨਾਲ ਇਉਂ ਕੀਤਾ ਹੈ ਭਈ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਹਟਾ ਦੇਵੇ।।
26
ਛੇਂਵੇ ਮਹੀਨੇ ਜਿਬਰਾਏਲ ਦੂਤ ਪਰਮੇਸ਼ੁਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ
27
ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਹ ਦੀ ਕੁੜਮਾਈ ਯੂਸੁਫ਼ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ ਅਰ ਉਸ ਕੁਆਰੀ ਦਾ ਨਾਉਂ ਸੀ ਮਰਿਯਮ
28
ਅਤੇ ਉਸ ਨੇ ਉਹ ਦੇ ਕੋਲ ਅੰਦਰ ਆਣ ਕੇ ਕਿਹਾ, ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਪ੍ਰਭੁ ਤੇਰੇ ਨਾਲ ਹੈ
29
ਪਰ ਉਹ ਇਹ ਬਚਨ ਤੋਂ ਬਹੁਤ ਘਬਰਾਈ ਅਰ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ?
30
ਦੂਤ ਨੇ ਉਹ ਨੂੰ ਆਖਿਆ, ਹੇ ਮਰਿਯਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ
31
ਅਤੇ ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ
32
ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ।।
33
ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।।
34
ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ
35
ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ
36
ਅਰ ਵੇਖ ਤੇਰੀ ਸਾਕ ਇਲੀਸਬਤ ਉਹ ਨੂੰ ਬੁਢੇਪੇ ਵਿੱਚ ਪੁੱਤ੍ਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਂਉਦੀ ਸੀ ਉਹ ਦਾ ਛੇਵਾਂ ਮਹੀਨਾਂ ਹੈ
37
ਕਿਉਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ
38
ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਦ ਦੂਤ ਉਹ ਦੇ ਕੋਲੋਂ ਚੱਲਿਆ ਗਿਆ।।
39
ਉਨ੍ਹੀਂ ਦਿਨੀਂ ਮਰਿਯਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ
40
ਅਰ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਪਰਨਾਮ ਕੀਤਾ
41
ਤਾਂ ਐਉਂ ਹੋਇਆ ਕਿ ਜਾਂ ਇਲੀਸਬਤ ਨੇ ਮਰਿਯਮ ਦਾ ਪਰਨਾਮ ਸੁਣਿਆ ਤਾਂ ਬੱਚਾ ਉਹ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤ੍ਰ ਆਤਮਾ ਨਾਲ ਭਰ ਗਈ
42
ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ, ਮੁਬਾਰਕ ਹੈਂ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਤੇਰੀ ਕੁੱਖ ਦਾ ਫਲ
43
ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੁ ਦੀ ਮਾਤਾ ਮੇਰੇ ਕੋਲ ਆਈ?
44
ਵੇਖ, ਤੇਰੇ ਪਰਨਾਮ ਦੀ ਅਵਾਜ਼ ਪੈਂਦੇ ਹੀ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉੱਛਲ ਪਿਆ
45
ਅਰ ਧੰਨ ਹੈ ਉਹ ਜਿਨ ਪਰਤੀਤ ਕੀਤੀ ਕਿਉਂਕਿ ਜਿਹੜੀਆਂ ਗੱਲਾਂ ਪ੍ਰਭੁ ਦੀ ਵੱਲੋਂ ਉਹ ਨੂੰ ਕਹੀਆਂ ਗਈਆਂ ਓਹ ਪੂਰੀਆਂ ਹੋਣਗੀਆਂ
46
ਤਾਂ ਮਰਿਯਮ ਨੇ ਆਖਿਆ- ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ,
47
ਅਤੇ ਮੇਰਾ ਆਤਮਾ ਮੇਰੇ ਮੁਕਤੀ ਦਾਤੇ ਪਰਮੇਸ਼ੁਰ ਤੋਂ ਨਿਹਾਲ ਹੋਇਆ,
48
ਕਿਉਂ ਜੋ ਉਹ ਨੇ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਵੇਖੋ ਤਾਂ, ਏਦੋਂ ਅੱਗੇ ਸਾਰੀਆਂ ਪੀਹੜੀਆਂ ਮੈਂਨੂੰ ਧੰਨ ਆਖਣਗੀਆਂ,
49
ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ, ਅਤੇ ਪਵਿੱਤ੍ਰ ਹੈ ਉਹ ਦਾ ਨਾਮ।
50
ਜਿਹੜੇ ਉਸ ਤੋਂ ਭੌਂ ਰੱਖਦੇ ਹਨ, ਉਨ੍ਹਾਂ ਉੱਤੇ ਉਹ ਦੀ ਦਯਾ ਪੀਹੜੀਓਂ ਪੀਹੜੀ ਹੈ।
51
ਉਹ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ, ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।
52
ਉਹ ਨੇ ਬਲਵੰਤਾਂ ਨੂੰ ਤਖ਼ਤੋਂ ਡੇਗ ਦਿੱਤਾ, ਅਤੇ ਅਧੀਨਾਂ ਨੂੰ ਉੱਚਿਆਂ ਕੀਤਾ।
53
ਉਹ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਸੱਖਣੇ ਹੱਥ ਤਾਹ ਦਿੱਤਾ।
54
ਉਹ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ, ਭਈ ਉਹ ਆਪਣੇ ਰਹਮ ਨੂੰ ਯਾਦ ਕਰੇ,
55
ਜਿਵੇਂ ਓਸ ਸਾਡੇ ਪਿਉਦਾਦਿਆਂ ਨਾਲ ਬਚਨ ਕੀਤਾ, ਅਬਰਾਹਾਮ ਤੇ ਉਹ ਦੀ ਅੰਸ਼ ਨਾਲ, ਜੁੱਗੋ ਜੁੱਗ ਤਾਈਂ।।
56
ਤਾਂ ਮਰਿਯਮ ਤਿੰਨਕੁ ਮਹੀਨੇ ਉਹ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।।
57
ਹੁਣ ਇਲੀਸਬਤ ਦੇ ਜਣਨ ਦਾ ਵੇਲਾ ਪੁੱਜਾ ਅਤੇ ਉਹ ਪੁੱਤ੍ਰ ਜਣੀ
58
ਅਰ ਉਹ ਦੇ ਗੁਆਂਢੀਆਂ ਅਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੁ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਹ ਦੇ ਨਾਲ ਖੁਸ਼ੀ ਮਨਾਈ
59
ਤਾਂ ਐਉਂ ਹੋਇਆ ਜੋ ਓਹ ਅੱਠਵੇਂ ਦਿਨ ਬਾਲਕ ਦੀਆਂ ਸੁੰਨਤਾਂ ਲਈ ਆਏ ਅਰ ਉਹ ਦਾ ਨਾਉਂ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਹ ਦੇ ਪਿਤਾ ਦਾ ਨਾਉਂ ਸੀ
60
ਪਰ ਉਹ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਹ ਯੂਹੰਨਾ ਸਦਾਵੇਗਾ
61
ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਉਂ ਕਰਕੇ ਸੱਦੀਦਾ ਹੈ
62
ਤਦ ਉਨ੍ਹਾਂ ਨੇ ਉਹ ਦੇ ਪਿਤਾ ਵੱਲ ਸੈਨਤ ਕੀਤੀ ਜੋ ਉਹ ਦਾ ਕੀ ਨਾਉਂ ਰੱਖਿਆ ਚਾਹੁੰਦਾ ਹੈ
63
ਅਤੇ ਓਨ ਪੱਟੀ ਮੰਗਾ ਕੇ ਲਿਖਿਆ ਭਈ ਉਹ ਦਾ ਨਾਉਂ ਯੂਹੰਨਾ ਹੈ ਤਾਂ ਸੱਭੋ ਹੈਰਾਨ ਰਹਿ ਗਏ
64
ਉਸੇ ਵੇਲੇ ਉਹ ਦਾ ਮੂੰਹ ਅਰ ਉਹ ਦੀ ਜੀਭ ਖੁੱਲ੍ਹ ਗਈ ਅਤੇ ਉਹ ਬੋਲਿਆ ਅਰ ਪਰਮੇਸ਼ੁਰ ਨੂੰ ਮੁਬਾਰਕ ਕਹਿਣ ਲੱਗਾ
65
ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਖਿੰਡ ਗਈ
66
ਅਰ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ, ਭਲਾ, ਇਹ ਕਿਹੋ ਜਿਹਾ ਬਾਲਕ ਹੋਊ? ਕਿਉਂ ਦੋ ਪ੍ਰਭੁ ਦਾ ਹੱਥ ਉਹ ਦੇ ਨਾਲ ਸੀ।।
67
ਤਾਂ ਉਹ ਦਾ ਪਿਤਾ ਜ਼ਕਰਯਾਹ ਪਵਿੱਤ੍ਰ ਆਤਮਾ ਨਾਲ ਭਰ ਗਿਆ ਅਤੇ ਅਗੰਮ ਵਾਕ ਕਰਕੇ ਕਹਿਣ ਲੱਗਾ-
68
ਮੁਬਾਰਕ ਹੈ ਪ੍ਰਭੁ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਨਿਸਤਾਰਾ ਦਿੱਤਾ ਹੈ,
69
ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ ਘਰਾਣੇ ਵਿੱਚ ਮੁਕਤੀ ਦਾ ਸਿੰਙ ਖੜਾ ਕੀਤਾ,
70
ਜਿਵੇਂ ਉਸ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜ਼ਬਾਨੀ ਮੁੱਢੋਂ ਆਖਿਆ,
71
ਭਈ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਕਿੜ ਰੱਖਦੇ ਹਨ ਛੁਟਕਾਰਾ ਦੇਵੇ,
72
ਨਾਲੇ ਉਹ ਸਾਡੇ ਪਿਉਦਾਦਿਆਂ ਉੱਤੇ ਦਯਾ ਕਰੇ, ਅਤੇ ਆਪਣੇ ਪਵਿੱਤ੍ਰ ਨੇਮ ਨੂੰ ਚੇਤੇ ਰੱਖੇ,
73
ਅਰਥਾਤ ਉਸ ਸੌਂਹ ਨੂੰ ਜਿਹੜੀ ਉਸ ਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ,
74
ਭਈ ਉਹ ਸਾਨੂੰ ਇਹ ਬਖ਼ਸ਼ੇ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ
75
ਉਮਰ ਭਰ ਉਹ ਦੇ ਅੱਗੇ ਪਵਿੱਤ੍ਰਤਾਈ ਤੇ ਧਰਮ ਨਾਲ ਬੇਧੜਕ ਉਹ ਦੀ ਉਪਾਸਨਾ ਕਰੀਏ।
76
ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀਂ ਅਖਵਾਏਂਗਾ, ਕਿਉਂ ਜੋ ਤੂੰ ਪ੍ਰਭੁ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹ ਦੇ ਅੱਗੇ ਅੱਗੇ ਚੱਲੇਂਗਾ,
77
ਭਈ ਉਹ ਦੀ ਪਰਜਾ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ,
78
ਸਾਡੇ ਪਰਮੇਸ਼ੁਰ ਦੇ ਵੱਡੇ ਰਹਮ ਦੇ ਕਾਰਨ ਮਿਲੇਗੀ, ਜਦ ਸਵੇਰ ਦਾ ਚਾਨਣ ਉੱਪਰੋਂ ਸਾਡੇ ਉੱਤੇ ਚਮਕੇਗਾ,
79
ਭਈ ਉਨ੍ਹਾਂ ਨੂੰ ਜੋ ਅਨ੍ਹੇਰੇ ਤੇ ਮੌਤ ਦੇ ਸਾਯੇ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ, ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ।।
80
ਅਤੇ ਉਹ ਬਾਲਕ ਵਧਦਾ ਅਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ ਉਜਾੜ ਵਿੱਚ ਰਿਹਾ।।
×

Alert

×

punjabi Letters Keypad References